ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਸੰਗੀਤਕ ਸ਼ਬਦਾਵਲੀ
ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਸਮੇਂ ਦੀਆਂ ਸ਼ੋ੍ਰਮਣੀ ਸ਼ਖ਼ਸੀਅਤਾਂ ਵਿੱਚੋਂ ਇੱਕ ਅਜਿਹੇ ਯੁੱਗ ਦ੍ਰਿਸ਼ਟਾ ਸਨ, ਜਿਨ੍ਹਾਂ ਆਪਣੇ ਬਚਪਨ ਤੋਂ ਲੈ ਕੇ ਬਿਰਧ ਅਵੱਸਥਾ ਤੱਕ ਵਿਦਿਅਕ ਯੋਗਤਾ ਵਧਾਉਣ ਦੇ ਮੰਤਵ ਨੂੰ ਹਮੇਸ਼ਾ ਸਾਹਮਣੇ ਰੱਖਿਆ। ਉਨ੍ਹਾਂ ਦੀਆਂ ਲਿਖਤਾਂ ਜਿੱਥੇ ਇੱਕ ਤਰਫ਼ ਗੁਰਮਤਿ, ਸਿੱਖ ਇਤਿਹਾਸ ਤੇ ਅਧਿਆਤਮਵਾਦ ਨਾਲ ਸਬੰਧਤ ਡੂੰਘੀ ਖੋਜ ਦਾ ਬਹੁਮੁੱਲਾ ਖ਼ਜ਼ਾਨਾ ਹਨ, ਉਥੇ ਦੂਸਰੀ ਤਰਫ਼ ਇਨ੍ਹਾਂ ਲਿਖਤਾਂ ਵਿੱਚੋਂ ਕਲਾ ਤੇ ਸੰਗੀਤ ਦੇ ਪੱਖ ਵੀ ਉਜਾਗਰ ਹੁੰਦੇ ਸਾਫ਼ ਨਜ਼ਰ ਆਉਂਦੇ ਹਨ।
ਸੰਗੀਤ—ਕਲਾ ਦੇ ਪ੍ਰਚਾਰ—ਪ੍ਰਸਾਰ ਲਈ ਇਸਦੇ ਅੰਤਰਗਤ ਆਉਂਦੀਆਂ ਤਿੰਨੋਂ ਕਲਾਵਾਂ ਗਾਇਨ, ਵਾਦਨ ਅਤੇ ਨਿਰਤ ਨਾਲ ਸਬੰਧਤ ਅਣਗਿਣਤ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ ਹੈ ਤਾਂ ਜੋ ਸੰਗੀਤ—ਕਲਾ ਦੇ ਜਗਿਆਸੂਆਂ ਅਤੇ ਕਲਾਕਾਰਾਂ ਤੇ ਖੋਜਕਾਰਾਂ ਨੂੰ ਇਸਦੇ ਕਿਰਿਆਤਮਕ ਤੇ ਸ਼ਾਸਤਰ ਪੱਖ ਤੋਂ ਜਾਣੂ ਕਰਵਾਇਆ ਜਾ ਸਕੇ। ਇੱਕ ਖੋਜਕਾਰ ਦੇ ਰੂਪ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦਾ ਆਗਮਨ ਉਨ੍ਹੀਂਵੀ ਸਦੀ ਦੇ ਅਖ਼ੀਰਲੇ ਦਹਾਕੇ ਵਿੱਚ ਹੋਇਆ। ਹੋਰਨਾਂ ਕਲਾਵਾਂ ਵਾਂਗ ਸੰਗੀਤ ਦੀ ਵੀ ਆਪਣੀ ਇੱਕ ਲੰਮੀ ਪਰੰਪਰਾ ਰਹੀ ਹੈ ਅਤੇ ਇਤਿਹਾਸ ਦੇ ਵੱਖ ਵੱਖ ਕਾਲਾਂ, ਅੰਧ ਕਾਲ, ਸਿੰਧ ਘਾਟੀ ਦੀ ਸਭਿਅਤਾ ਦਾ ਕਾਲ, ਵੈਦਿਕ ਕਾਲ, ਪੁਰਾਣਿਕ ਕਾਲ, ਰਮਾਇਣ—ਮਹਾਂਭਾਰਤ ਅਤੇ ਮੁਗਲ ਕਾਲ ਦੌਰਾਨ ਸੰਗੀਤ ਦਾ ਵਿਕਾਸ ਹੁੰਦਾ ਗਿਆ ਅਤੇ ਸਮੇਂ ਸਮੇਂ ਅਨੁਸਾਰ ਭਰਤਮੁਨੀ, ਦੱਤਿਲ, ਮਤੰਗ ਮੁਨੀ, ਨਾਰਦ, ਸਾਰੰਗਦੇਵ, ਲੋਚਨ, ਦਮੋਦਰ, ਅਹੋਬਲ ਆਦਿ ਸੰਗੀਤ ਦੇ ਪਰਮੁੱਖ ਵਿਦਵਾਨਾਂ ਨੇ ਭਾਰਤੀ ਸੰਗੀਤ ਦੇ ਵੱਖ ਵੱਖ ਪੱਖਾਂ ਨੂੰ ਉਜਾਗਰ ਕੀਤਾ। ਭਾਈ ਸਾਹਿਬ ਦੇ ਸਮੇਂ (1861—1938 ਈ.) ਮੁਗਲ ਕਾਲ ਦੇ ਪਤਨ ਉਪਰੰਤ ਅੰਗਰੇਜ਼ਾਂ ਨੇ ਸਮੁੱਚੇ ਭਾਰਤ *ਤੇ ਆਪਣਾ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪਿਤਾ—ਪੁੱਤਰ ਦੇ ਰੂਪ *ਚ ਪ੍ਰਚੱਲਤ ਸੰਗਤ ਦੀ ਪਰੰਪਰਾ, ਗੁਰੂ ਸ਼ਿੱਸ਼ ਪਰੰਪਰਾ ਅਤੇ ਗੁਰੂ ਕੁਲ ਵਿੱਚ ਜਾ ਕੇ ਸੰਗੀਤ ਸਿੱਖਣ ਦੀ ਪਰੰਪਰਾ, ਸੰਗੀਤ ਦੇ ਘਰਾਣਿਆਂ ਦੀ ਪਰੰਪਰਾ *ਚ ਤਬਦੀਲ ਹੋ ਚੁੱਕੀ ਸੀ, ਜਿਸ ਕਾਰਨ ਭਾਰਤੀ ਸੰਗੀਤ ਇਕ ਖ਼ਾਸ ਵਰਗ ਨਾਲ ਸੀਮਤ ਹੋਣ ਕਾਰਨ ਇਸ ਦੀ ਲੋਕਪ੍ਰਿਯਤਾ ਘਟਦੀ ਜਾ ਰਹੀ ਸੀ।
ਅਧਿਆਤਮਿਕ ਮਨੋਰਥ ਨੂੰ ਵਿਸਾਰ ਕੇ ਸੰਗੀਤ ਮਾਤਰ ਮੰਨੋਰੰਜਨ ਦਾ ਸਾਧਨ ਬਣ ਕੇ ਰਹਿ ਗਿਆ ਸੀ। ਅੰਗਰੇਜ਼ਾਂ ਦੇ ਸਮੇਂ ਦੀ ਉਥਲ—ਪੁਥਲ ਦੌਰਾਨ ਭਾਰਤੀ ਸੰਸਕ੍ਰਿਤੀ ਨੂੰ ਬਹੁਤ ਨੁਕਸਾਨ ਪਹੁੰਚਿਆ। ਬੇਸ਼ੱਕ ਇਸ ਸਮੇਂ ਕੁਝ ਗਿਣੇ ਚੁਣੇ ਅੰਗਰੇਜ਼ ਵਿਦਵਾਨਾਂ ਮੈੱਕਸ ਆਰਥਰ ਮੈਕਾਲਿਫ, ਸਰ ਵਿਲੀਅਮ ਜੋਂਸ, ਕੈਪਟਨ ਵਿਲਰਡ ਆਦਿ ਨੇ ਭਾਰਤੀ ਸੰਗੀਤ ਦੀ ਖੋਜ ਲਈ ਕੁੱਝ ਕੰਮ ਕੀਤਾ, ਪਰ ਅੰਗਰੇਜ਼ਾਂ ਦੀ ਮੁੱਖ ਭਾਵਨਾ ਸੰਗੀਤ—ਕਲਾ ਦੇ ਪ੍ਰਚਾਰ ਦੀ ਥਾਂ ਸਮੁੱਚੇ ਭਾਰਤ ਨੂੰ ਆਪਣੇ ਅਧੀਨ ਕਰਨਾ ਸੀ। ਸੰਗੀਤ ਗਿਣੇ ਚੁਣੇ ਲੋਕਾਂ ਦੇ ਹੱਥ ਦੀ ਕਠਪੁਤਲੀ ਬਣ ਚੁੱਕਾ ਸੀ। ਇਕ ਪਾਸੇ ਘਰਾਣਿਆਂ ਦੀ ਸੰਕੀਰਨਤਾ, ਦੂਜੇ ਪਾਸੇ ਪੱਛਮੀ ਸੰਸਕ੍ਰਿਤੀ ਦਾ ਆਗਮਨ ਨਿਸਚਿਤ ਹੀ ਭਾਰਤੀ ਸੰਸਕ੍ਰਿਤੀ ਲਈ ਇੱਕ ਚੁਣੌਤੀ ਸੀ। ਉਨੀਵੀਂ ਸਦੀ ਦੇ ਅਖ਼ੀਰਲੇ ਦਹਾਕੇ ਦੌਰਾਨ ਇਸ ਚੁਣੌਤੀਆਂ ਭਰੇ ਸਮੇਂ ਵਿੱਚ ਹੀ ਭਾਈ ਕਾਨ੍ਹ ਸਿੰਘ ਨਾਭਾ ਨੇ ਭਾਰਤੀ ਸੰਗੀਤ ਨਾਲ ਸਬੰਧਤ ਬਹੁ—ਪੱਖੀ ਮਹੱਤਵਪੂਰਨ ਜਾਣਕਾਰੀ ਇਕੱਤਰ ਕੀਤੀ। ਭਾਰਤੀ ਸੰਗੀਤ ਨਾਲ ਸਬੰਧਤ ਵੱਖ ਵੱਖ ਮਹੱਤਵਪੂਰਨ ਪੱਖਾਂ ਬਾਰੇ ਉਨ੍ਹਾਂ ਵੱਲੋਂ ਜਾਣਕਾਰੀ ਇਸ ਪਰਕਾਰ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ, ਪਰ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਆਪ ਦੇ ਜੀਵਨ ਭਰ ਦੀ ਤਪੱਸਿਆ ਦਾ ਫ਼ਲ ਅਤੇ ਗਿਆਨ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਹੈ, ਜਿਸ ਵਿੱਚ ਅਨੇਕਾ ਹੋਰ ਵਿਸ਼ਿਆਂ ਤੋਂ ਇਲਾਵਾ ਭਾਰਤੀ ਸੰਗੀਤ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਉਪਲਬਧ ਹੈ।
ਵਿਸ਼ਵਕੋਸ਼ ਦੀ ਪਰਿਭਾਸ਼ਾ ਦਾ ਘੇਰਾ ਉਲੀਕਦਿਆਂ ਯੂਨਾਨੀ ਵਿਦਵਾਨਾਂ ਤੇ ਚਿੰਤਕਾਂ ਨੇ ਇਸਨੂੰ ਵਿਦਿਆ ਦੀ ਸੰਪੂਰਨ ਪ੍ਰਨਾਲੀ ਮੰਨਿਆ ਹੈ। ‘ਇਨਸਾਈਕਲੋਪੀਡੀਆ ਬ੍ਰਿਟਾਨਿਕਾ* ਤੋਂ ਪ੍ਰੇਰਿਤ ਹੋ ਕੇ ਭਾਈ ਕਾਨ੍ਹ ਸਿੰਘ ਨੇ 14—15 ਸਾਲ ਦੀ ਕਠਿਨ ਤਪੱਸਿਆ ਅਤੇ ਅਣਥੱਕ ਮਿਹਨਤ ਨਾਲ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼* ਦੀ ਰਚਨਾ ਕੀਤੀ, ਜੋ ਪੰਜਾਬੀ ਕੋਸ਼ਕਾਰੀ ਵਿੱਚ ਵਿਸ਼ਵ—ਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਹੈ। ਇਸ ਨੂੰ ਸੰਨ 1912 ’ਚ ਲਿਖਣਾ ਅਰੰਭ ਕੀਤਾ, 1926 ਈ. ’ਚ ਮੁਕੰਮਲ ਹੋਇਆ ਅਤੇ ਸੰਨ 1930 ’ਚ ਦਰਬਾਰ ਪਟਿਆਲਾ ਨੇ ਇਸ ਨੂੰ ਛਾਪੇ ਦਾ ਜਾਮਾ ਪਹਿਨਾਇਆ। ਮਹਾਨ ਕੋਸ਼ ਦੇ ਹਜ਼ਾਰਾਂ ਸ਼ਬਦਾਂ ਨੂੰ ਜੇਕਰ ਮੋਟੇ ਤੌਰ ’ਤੇ ਸ਼੍ਰੇਣੀਆਂ ਵਿੱਚ ਵੰਡਕੇ ਵੇਖਿਆ ਜਾਵੇ ਤਾਂ ਪੁਰਾਤਨ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਨਾਲ ਸਬੰਧਤ ਸ਼ਬਦਾਵਲੀ ਸਹਿਜੇ ਹੀ ਉਭਰਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ। ਆਪਣੇ ਮੂਲ ਰੂਪ ਵਿੱਚ ਬੇਸ਼ੱਕ ਇਹ ਸਿੱਖ ਸਾਹਿਤ ਅਤੇ ਇਤਿਹਾਸ ਉਪਰ ਕੇਂਦਰਿਤ ਹੈ, ਪਰ ਵਿਸ਼ਵਕੋਸ਼ੀ ਰਚਨਾ ਹੋਣ ਕਾਰਨ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਨੂੰ ਸਮਝਣ ਲਈ ਵੀ ਇਹ ਬਹੁਤ ਮਦਦਗਾਰ ਸਾਬਿਤ ਹੋਇਆ ਹੈ। ਭਾਈ ਸਾਹਿਬ ਦਾ ਵੱਖਰੀ ਪ੍ਰਕਾਰ ਦਾ ਮਹਾਨ ਕੋਸ਼ ‘ਗੁਰੁਮਤ ਮਾਰਤੰਡ* (1938 ਈ.) ਜੋ ਭਾਈ ਸਾਹਿਬ ਦੀਆਂ ਪਿੱਛਲੀਆਂ ਤਿੰਨ ਪੁਸਤਕਾਂ ‘ਗੁਰੁਮਤ ਪ੍ਰਭਾਕਰ*, ‘ਗੁਰੁਮਤ ਸੁਧਾਕਰ* ਤੇ ‘ਗੁਰੁ ਗਿਰਾ ਕਸੌਟੀ* ਨੂੰ ਮਿਲਾਕੇ ਬਣਿਆ ਗ੍ਰੰਥ ਹੈ, ਵੀ ਸੰਗੀਤ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕਰਦਾ ਹੈ। ਹਾਲਾਕਿ ਵਿਸ਼ੇ ਪੱਖੋਂ ਇਸ ਦਾ ਗੂੜਾ ਸਬੰਧ ਧਾਰਮਕ ਸਾਹਿਤ ਨਾਲ ਹੈ। ਉਪਰੋਕਤ ਗ੍ਰੰਥਾਂ ਵਿੱਚ ਸੰਗੀਤਕ ਸ਼ਬਦਾਵਲੀ ਸ਼ਰੁਤੀ, ਸ੍ਵਰ, ਗ੍ਰਾਮ, ਮੂਰਛਨਾ, ਠਾਟ, ਰਾਗ ਆਦਿ ਨੂੰ ਵੇਖਕੇ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸੰਗੀਤ ਸਬੰਧੀ ਭਾਈ ਸਾਹਿਬ ਦੀ ਖੋਜ ਵਿਗਿਆਨਕ ਹੈ ਜੋ ਸੰਗੀਤ ਦੇ ਕਿਰਿਆਤਮਕ ਅਤੇ ਸ਼ਾਸਤਰ ਪੱਖਾਂ ਨੂੰ ਉਜਾਗਰ ਕਰਦੀ ਹੈ।
ਮਹਾਨ ਕੋਸ਼ ਸੰਗੀਤ ਦੇ ਤਕਨੀਕੀ ਸ਼ਬਦਾਂ ਦਾ ਇੱਕ ਵੱਡਾ ਭੰਡਾਰ ਹੈ। ਸਵਰ, ਸ਼ਰੁਤੀ, ਥਾਟ, ਤਾਨ, ਗਾਇਨ ਸ਼ੈਲੀਆਂ ਆਦਿ ਦਾ ਵਰਣਨ ਇਸ ਵਿੱਚ ਹੈ। ਭਾਈ ਸਾਹਿਬ ਨੇ ਸਿੱਖ ਧਰਮ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਪ੍ਰਚਾਰਨ ਦਾ ਆਸ਼ਾ ਸਾਹਮਣੇ ਰੱਖਿਆ ਹੋਇਆ ਸੀ। ਗੁਰਮਤਿ ਸੰਗੀਤ ਦੀ ਵਿਸ਼ਾਲ ਤੇ ਮਹਾਨ ਪਰੰਪਰਾ ਲਈ ਆਪ ਨੇ ਕੀਰਤਨ ਸੰਬੰਧੀ ਵੱਡਮੁੱਲੇ ਸੁਝਾਅ ਪੇਸ਼ ਕੀਤੇ। ਸ਼ਾਸਤਰੀ ਸੰਗੀਤ ਵਿੱਚ ‘ਰਾਗ’ ਨੂੰ ਅਹਿਮ ਸਥਾਨ ਹਾਸਲ ਹੈ। ਭਾਈ ਸਾਹਿਬ ਨੇ ਸਿੱਖ ਧਰਮ ਦੇ ਗ੍ਰੰਥਾਂ ਵਿੱਚ ਪ੍ਰਯੁਕਤ ਰਾਗਾਂ ਤੋਂ ਇਲਾਵਾ ਭਾਰਤੀ ਸੰਗੀਤ ਦੇ ਰਾਗਾਂ ਬਾਰੇ ਵੀ ਸਿਧਾਂਤਕ ਜਾਣਕਾਰੀ ਪੇਸ਼ ਕੀਤੀ ਹੈ। ਰਾਗਾਂ ਦੇ ਨਾਦਾਤਮਕ ਸਰੂਪਾਂ ਨੂੰ ਭਾਈ ਸਾਹਿਬ ਨੇ ਸੌਖੀ ਬੋਲੀ ਅਤੇ ਘੱਟ ਤੋਂ ਘੱਟ ਸ਼ਬਦਾਂ ਨਾਲ ਸਪੱਸ਼ਟ ਕੀਤਾ ਹੈ, ਨਾਲ ਹੀ ਰਾਗਾਂ ਦੇ ਥਾਟਾਂ, ਵਾਦੀ, ਸੰਵਾਦੀ, ਜਾਤੀ ਅਤੇ ਗਾਇਨ ਸਮੇਂ ਬਾਰੇ ਵਿਦਵਾਨਾਂ ਦੇ ਮਤਭੇਦ ਉਜਾਗਰ ਕੀਤੇ ਹਨ।
ਭਾਰਤੀ ਸੰਗੀਤ ਵਿੱਚ ਆਦਿ ਕਾਲ ਤੋਂ ਸਾਜ਼ਾਂ ਦਾ ਮਹੱਤਵਪੂਰਨ ਸਥਾਨ ਰਿਹਾ ਹੈ। ਭਾਈ ਸਾਹਿਬ ਨੇ ਆਪਣੀਆਂ ਲਿਖਤਾਂ ਵਿੱਚ ਵੈਦਿਕ ਯੁੱਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਦੇ ਤਤ, ਵ੍ਰਿਤ, ਸੁਸ਼ਿਰ, ਘਨ ਆਦਿ ਸਾਜ਼ਾਂ ਦਾ ਵਰਣਨ ਕਰਕੇ ਇਨ੍ਹਾਂ ਬਾਰੇ ਆਪਣੇ ਆਲੋਚਨਾਤਮਕ ਵਿਚਾਰ ਪੇਸ਼ ਕੀਤੇੇ, ਸਾਜ਼ਾਂ ਦੀ ਵਰਤੋਂ ਬਾਰੇ ਭਾਈ ਸਾਹਿਬ ਦੀ ਸੂਖ਼ਮ ਸੂਝ ਸ਼ਲਾਘਾਯੋਗ ਹੈ।
ਆਪਣੇ ਮਨ ਅੰਦਰਲੇ ਸੂਖ਼ਮ ਭਾਵਾਂ ਦੇ ਪਰਗਟਾਵੇ ਲਈ ਮਨੁੱਖ ਨੇ ਸਾਹਿਤ ਅਤੇ ਸੰਗੀਤ ਨੂੰ ਸਰਬੋਤਮ ਮੰਨਿਆ ਹੈ। ਕਾਵਿ ਅਤੇ ਸੰਗੀਤ ਦਾ ਚਮਤਕਾਰੀ ਸੰਗਮ ਵੈਦਿਕ ਯੁੱਗ ਤੋਂ ਹੀ ਪ੍ਰਕਾਸ਼ ਵਿੱਚ ਆਉਂਦਾ ਹੈ। ਭਾਈ ਸਾਹਿਬ ਨੇ ਕਾਵਿ ਦੇ ਸੁਹਜਾਤਮਕ ਤੱਤਾਂ ਰਸ, ਅਲੰਕਾਰ, ਛੰਦ, ਭਾਸ਼ਾ ਆਦਿ ਦਾ ਵਿਗਿਆਨਕ ਦ੍ਰਿਸ਼ਟੀ ਤੋਂ ਵਰਣਨ ਕਰਕੇ ਮਨ ਦੀਆਂ ਤੈਹਾਂ ਵਿੱਚਲੇ ਵੱਖ ਵੱਖ ਸੂਖ਼ਮ ਭਾਵਾਂ ਦੀ ਚਰਚਾ ਕਰਕੇ ਸੰਗੀਤ ਦੇ ਮਨੋਵਿਗਿਆਨਕ ਪੱਖ ਨੂੰ ਵੀ ਉਜਾਗਰ ਕੀਤਾ ਹੈ। ਸੰਗੀਤ ਪ੍ਰਤੀ ਭਾਈ ਸਾਹਿਬ ਦੀ ਸੋਚ ਬੇਸ਼ੱਕ ਆਧੁਨਿਕ ਹੈ, ਪਰੰਤੂ ਪਰੰਪਰਾ ਨੂੰ ਕਿਤੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ।
ਡਾ. ਰਵਿੰਦਰ ਕੌਰ ਰਵੀ
ਅਸਿਸਟੈਂਟ ਪੋ੍ਰਫੈਸਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ
ਮੌਬਾਈਲ….84378-22296