ਪੰਜਾਬੀ ਦੇ ਸਿਰਮੌਰ ਸਾਹਿਤਕਾਰ  ਭਾਈ ਕਾਨ੍ਹ ਸਿੰਘ ਨਾਭਾ – 23 ਨਵੰਬਰ ਬਰਸੀ ਤੇ ਵਿਸ਼ੇਸ਼

ਪੰਜਾਬੀ ਦੇ ਸਿਰਮੌਰ ਸਾਹਿਤਕਾਰ  ਭਾਈ ਕਾਨ੍ਹ ਸਿੰਘ ਨਾਭਾ ਉਨ੍ਹਾਂ ਲੇਖਕਾਂ ਵਿਚੋਂ ਹਨ,ਜਿਨ੍ਹਾਂ ਵਲੋਂ ਰਚੇ ਸਾਹਿਤ ਦਾ ਮਹੱਤਵ ਪੰਜਾਬੀ ਸਹਿਤ ਦੇ ਇਤਿਹਾਸ ਵਿਚ ਸਦੀਵੀ ਬਣਿਆ ਰਹੇਗਾ ।ਆਪਣੇ  ਸ਼ਮੇ ਦੌਰਾਨ ਉਨ੍ਹਾਂ ਕਈ ਅਜਿਹੇ ਸਾਹਿਤਕ ਕਾਰਜ ਸੰਪੂਰਨ ਕੀਤੇ, ਜਿਸਦੀ ਆਸ ਕਿਸੇ ਸੰਸਥਾ ਪਾਸੋਂ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕੱਲੇ ਵਿਅਕਤੀ ਪਾਸੋਂ ਨਹੀਂ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਵਿਆਖਿਆ ਦੇ ਸੰਬੰਧ ਵਿਚ ਭਾਈ ਸਹਿਬ ਦਾ ਨਾਂ ਆਪਣੇ ਸਮਕਾਲੀ ਲੇਖਕਾਂ ਦੀ ਸੂਚੀ ਵਿਚ ਸਭ ਤੋਂ ਉਪਰਲੇ ਨੰਬਰ ਤੇ ਆਉਂਦਾ ਹੈ। ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਨਾਨਕੇ ਘਰ 30 ਅਗਸਤ 1861 ਈ: ਨੂੰ ਹੋਇਆ।।ਆਪ ਦੇ ਪੜਦਾਦੇ ਬਾਬਾ ਸਰੂਪ ਸਿੰਘ ਤੇ ਪਿਤਾ ਬਾਬਾ ਨਾਰਾਇਣ ਸਿੰਘ ਨੇ ਨਾਭੇ ਵਿਖੇ ਪ੍ਰਸਿੱਧ ਗੁਰੂਦੁਆਰੇ,ਬਾਬਾ ਅਜਾਪਾਲ ਜੀ ਦੇ ਤਪ ਅਸਥਾਨ ਤੇ ਪ੍ਰਮੁੱਖ ਸੇਵਾਦਾਰਾਂ ਵਜੋਂ ਸ਼ਾਨਦਾਰ ਸੇਵਾ ਕਰਦਿਆਂ ਇਸ ਪਵਿਤੱਰ ਅਸਥਾਨ ਨੂੰ ਗੁਰਮਤਿ ਪ੍ਰਚਾਰ ਦਾ ਪ੍ਰਧਾਨ ਕੇਂਦਰ ਬਣਾਇਆ। ਭਾਈ ਕਾਨ੍ਹ ਸਿੰਘ  ਦੀ ਖਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ,ਜਿਹੜੇ ਕਿ ਜਾਤ ਦੇ ਢਿੱਲੋਂ ਜੱਟ ਤੇ ਪੰਜਾਬ ਵਿਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਿੱਥੋ ਦੇ ਪ੍ਰਮੁੱਖ ਸਨ

ਆਪਣੇ ਬਚਪਨ ਦੇ ਦਿਨਾਂ ਤੋਂ ਹੀ ਨਾਭਾ ਵਿਖੇ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਅਤੇ ਪ੍ਰਮੁੱਖ ਸਮਕਾਲ਼ੀ ਵਿਦਵਾਨਾਂ ਪਾਸੋਂ ਕਾਨ੍ਹ ਸਿੰਘ ਨੇ ਬਹੁਪੱਖੀ ਵਿਦਿਆ  ਗ੍ਰਹਿਣ ਕੀਤੀ ।ਸ਼ੈਰ,ਬਾਗਬਾਨੀ,ਸ਼ਿਕਾਰ ਆਦਿ ਤੋਂ ਇਲਾਵਾ ਆਪ ਨੂੰ ਸੰਗੀਤ ਦਾ ਵੀ ਬੇਹੱਦ ਸ਼ੌਂਕ ਸੀ ।ਆਪ ਦਾ ਪਹਿਲਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਧੂਰੇ ਹੋਇਆ,ਪਰ ਭਾਈ ਸਾਹਿਬ ਦੀ ਸੁਪਤਨੀ ਦੀ ਜਲਦੀ ਹੀ ਮੌਤ ਹੋ ਜਾਣ ਕਾਰਣ ਦੂਜੀ ਸ਼ਾਦੀ ਮੁਕਤਸਰ ਹੋਈ ।ਸੰਯੋਗਵਸ ਦੂਸਰੀ ਸੁਪਤਨੀ ਵੀ ਜਲਦੀ ਹੀ ਅਚਾਨਕ ਸਦੀਵੀ ਵਿਛੋੜਾ ਦੇ ਗਈ।ਆਪ ਦਾ ਤੀਜਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਚ ਸ੍ਰ ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ ,ਜਿਸਦੀ ਕੁੱਖੋਂ ਉਨ੍ਹਾਂ ਦੇ ਇਕਲੌਤੇ   ਬੇਟੇ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892 ਈ: ਵਿਚ ਹੋਇਆ। ਭਾਈ ਸਹਿਬ ਨੇ ਰਿਆਸਤ ਨਾਭਾ ਅਤੇ ਪਟਿਆਲਾ ਵਿਚ ਕਈ ਉਚੱ ਆਹੁਦਿਆਂ ਤੇ ਸੇਵਾ ਕੀਤੀ ਅਤੇ ਮਹਾਰਾਜਾ ਰਿਪੁਦਮਨ ਸਿੰਘ ,ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਤੇ ਪ੍ਰਸਿੱਧ ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਆਪ ਦੇ ਪ੍ਰਮੁੱਖ ਸ਼ਿਸ਼ ਬਣੇ।

ਕਿਸੇ ਵੀ ਕੌਮ ਜਾਂ ਦੇਸ਼ ਦੀ ਮਹਾਨਤਾ ਲਈ ਤਿੰਨ ਚੀਜ਼ਾਂ ਬੜੀਆਂ ਮਹੱਤਵਪੂਰਣ ਹੁੰਦੀਆਂ ਹਨ,ਇਕ ਉਸਦਾ ਇਤਿਹਾਸ ,ਦੂਜਾ ਸੱਭਿਆਚਾਰ ਅਤੇ ਤੀਜਾ ਉਸਦੀ ਮਾਤਰੀ ਬੋਲੀ ਤੇ ਸਾਹਿਤ।ਇਕ ਲੇਖਕ ਦੇ ਤੌਰ ਤੇ ਭਾਈ ਸਾਹੇਬ ਦਾ ਆਗਮਨ 19 ਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ  ਮਹਾਰਾਜਾ ਹੀਰਾ ਸਿੰਘ ਦੀ ਪਰੇਰਨਾ ਨਾਲ ਨਾਭਾ ਦਰਬਾਰ ਚ  ਹੋਇਆ।ਪਹਿਲੇ ਦੌਰ ਦੀਆਂ ਰਚਨਾਵਾਂ ` ਰਾਜ ਧਰਮ`,`ਟੀਕਾ ਜੈਮਨੀ ਅਸਵਮੇਧ`,ਤੇ`ਨਾਟਕ ਭਾਵਾਰਥ ਦੀਪਕਾ` ਆਦਿ, ਆਪ ਨੂੰ ਪੁਰਾਤਨ ਵਿਦਿਆ ਦਾ ਧੁਰੰਦਰ ਵਿਦਵਾਨ ਸਿੱਧ ਕਰਦੀਆਂ ਹਨ।ਸਿੰਘ ਸਭਾ ਲਹਿਰ ਤੇ ਹੋਰ ਸੁਧਾਰਕ ਲਹਿਰਾਂ ਦੇ ਪ੍ਰਭਾਵ ਅਧੀਨ, ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ `ਹਮ ਹਿੰਦੂ ਨਹੀਂ`,`ਗੁਰੁਮਤ ਪ੍ਰਭਾਕਰ`,`ਗੁਰੁਮਤ ਸੁਧਾਕਰ`,`ਗੁਰੁ-ਗਿਰਾ ਕਸੌਟੀ `,`ਸੱਦ ਕਾ ਪਰਮਾਰਥ` ਠਗ-ਲੀਲ੍ਹਾ,ਚੰਡੀ ਦੀ ਵਾਰ ਸਟੀਕ ਤੇ ਅਨੇਕ ਹੋਰ ਪੁਸਤਕਾਂ ਦੀ ਰਚਨਾ ਸਦਕਾ ਆਪ ਗੁਰਮਤਿ ਦੇ ਮਹਾਨ ਵਿਆਖਿਆਕਾਰ ਵਜੋਂ ਉਭਰਕੇ ਸਾਹਮਣੇ ਆਏ।ਉਨ੍ਹਾਂ ਦੀਆਂ ਉਪਰੋਕਤ ਲਿਖਤਾਂ ਨਾਲ ਗੁਰਮਤਿ ਦਾ ਮਨਮੱਤ ਨਾਲੋਂ ਨਿਖੇੜ ਹੋਇਆ।  `ਗੁਰੁਛੰਦ ਦਿਵਾਕਰ` ਤੇ ਗੁਰੁਸ਼ਬਦਾਲੰਕਾਰ` ਪੁਸਤਕਾਂ ਦੀ ਰਚਨਾ ਕਰਕੇ ਆਪ ਇਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਵੀ ਪ੍ਰਸ਼ਿੱਧ ਹੋਏ ।

ਭਾਈ ਕਾਨ੍ਹ ਸਿੰਘ ਨਾਭਾ ਦੀ ਪੂਰੀ ਜ਼ਿੰਦਗੀ ਦੀ ਮਿਹਨਤ  ,`ਗੁਰੁਸ਼ਬਦ ਰਤਨਾਕਰ ਮਹਾਨ ਕੋਸ਼` ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਕ ਮੀਲ ਪੱਥਰ  ਮੰਨਿਆ ਜਾਂਦਾ ਹੈ,ਜਿਸਨੂੰ ਸਿੱਖ ਸਾਹਿਤ ਦਾ ਵਿਸ਼ਵਕੋਸ਼ ਜਾਂ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ। ਜਿਸ ਸਮੇ ਭਾਈ ਸਹਿਬ ਹੱਥੋਂ ( ਸਿੰਗਲ-ਹੈਂਡ) ਇਸ ਮਹਾਨ ਗ੍ਰੰਥ ਦੀ ਰਚਨਾ ਹੋਈ ,ਓਦੋਂ ਗਿਆਨ ਇਕੱਠਾ ਕਰਨ ਲਈ ਅੱਜ ਦੀ ਤਰ੍ਹਾਂ ਟੈਲੀਫੋਨ,ਇੰਟਰਨੈੱਟ,ਟੀ ਵੀ ,ਕੰਪਿਊਟਰ ਆਦਿ ਵਰਗੀਆਂ ਸੰਚਾਰ ਸਹੁਲਤਾਂ ਨਹੀਂ ਪ੍ਰਾਪਤ ਸਨ।ਇਸ ਅਨੁਪਮ ਗ੍ਰੰਥ ਵਿਚ ਗੁਰਬਾਣੀ ,ਧਰਮ,ਸਾਹਿਤ,ਇਤਿਹਾਸ,ਭੁਗੋਲ,ਚਕਿਤਸਾ ਆਦਿ ਅਨੇਕ ਵਿਸ਼ਿਆਂ ਤੋਂ ਇਲਾਵਾ ਭਾਰਤੀ ਸ਼ਾਸਤਰੀ ਸੰਗੀਤ ਬਾਰੇ ਵੀ ਵਡਮੁੱਲੀ ਜਾਣਕਾਰੀ ਉਪਲਬਧ ਹੈ

ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਦੀ ਵਿਸ਼ਵ ਪ੍ਰਸਿੱਧ ਪੁਸਤਕ `ਦੀ ਸਿੱਖ ਰਿਲੀਜਨ` ਨੂੰ ਸੰਪੂਰਨ ਕਰਾਉਨ ਲਈ ਅਤੇ ਖਾਲਸਾ ਕਾਲਿਜ ਅੰਮ੍ਰਿਤਸਰ ਦੀ ਸਥਾਪਨਾ,ਅਤੇ ਉਸ ਮੌਕੇ ਦੇ ਕਈ ਹੋਰ ਪੰਥਕ ਮਸਲਿਆਂ ਦੇ ਹੱਲ ਲਈ ਵੀ ਆਪ ਦਾ ਯੋਗਦਾਨ ਅਹਿਮ ਹੈ। ਉਨ੍ਹਾਂ ਦੀ ਸੂਝ-ਬੂਝ ਅਤੇ ਰਿਆਸਤ ਨਾਭਾ ਪ੍ਰਤੀ ਵਫਾਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਇਕ ਅੰਗਰੇਜ਼ ਅਫਸਰ ਕਰਨਲ ਡਨਲਪ ਸਮਿੱਥ ਨੇ 18 ਜੁਲਾਈ 1905 ਈ.ਨੂੰ ਇਕ ਪੱਤਰ ਦੁਆਰਾ ਮਹਾਰਾਜਾ ਹੀਰਾ ਸਿੰਘ ਨੂੰ ਦੱਸਿਆ ਕਿ ਸਰਦਾਰ ਕਾਨ੍ਹ ਸਿੰਘ ਲਈ ਮੇਰੇ ਦਿਲ ਵਿੱਚ ਬਹੁਤ ਇੱਜ਼ਤ ਹੈ।ਆਪਣੇ ਮਹਾਰਾਜਾ ਤੇ ਉਸਦੀ ਰਿਆਸਤ ਪ੍ਰਤੀ ਉਸ ਵਰਗਾ ਇਮਾਨਦਾਰ ਅਹਿਲਕਾਰ ਮੈਂ ਅੱਜ ਤੱਕ ਨਹੀਂ ਦੇਖਿਆ। `ਸ਼ਰਾਬ-ਨਿਸ਼ੇਧ`  ਵਰਗੀਆਂ ਸਮਾਜ ਸੁਧਾਰਕ ਪੁਸਤਕਾਂ ਲਿਖਣ ਦੇ ਨਾਲ ਨਾਲ ਭਾਈ ਸਾਹਿਬ ਨੇ ਪੰਜਾਬੀ ਟੀਕਾਕਾਰੀ ਨੂੰ ਵੀ ਵਿਗਿਆਨਕ ਲੀਹਾਂ ਤੇ ਤੋਰਿਆ।

ਭਾਈ ਕਾਨ੍ਹ ਸਿੰਘ ਨਾਭਾ ਦੀ ਦ੍ਰਿਸ਼ਟੀ ਵਿਸ਼ਵਵਿਆਪੀ,ਆਦਰਸ਼ਵਾਦੀ ਤੇ ਵਿਗਿਆਨਕ ਹੈ।ਜੀਵਨ ਭਰ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਉਨ੍ਹਾਂ ਦੀ ਇਹ ਵਡਮੁੱਲੀ ਘਾਲਣਾ, ਭਾਰਤ ਦੀ ਦਾਰਸ਼ਨਿਕ ਵਿਰਾਸਤ ਨਾਲ ਗਿਆਨ ਦਾ ਰਿਸਤਾ ਜੋੜਨ ਵਿਚ ਉਜਾਗਰ ਹੁੰਦੀ ਹੈ।23 ਨਵੰਬਰ 1938 `ਚ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਨ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹੇਬ ਦਾ ਦੇਹਾਂਤ ਹੋਇਆ।ਆਪ ਜੀ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਸਿੱਖ ਕੌਮ ਵਿਚ `ਭਾਈ ਸਾਹਿਬ` ਜਾਂ `ਪੰਥ ਰਤਨ` ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਵਰਤਮਾਨ ਚ ਭਾਈ ਸਾਹੇਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਤੇ ਸਾਹਿਤੱਕ ਰੁਚੀਆਂ ਦੇ ਧਾਰਨੀ ਹਨ।ਆਪਣੇ ਵਡਮੁੱਲੇ ਸਹਿਤਕ ਕਾਰਜਾਂ ਸਦਕਾ ਭਾਈ ਕਾਨ੍ਹ ਸਿੰਘ ਨਾਭਾ ਸਦਾ ਸਦ-ਜੀਵਤ ਰਹਿਣਗੇ।ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਵਿਦਵਾਨ ਜਾਂ ਖੋਜਕਾਰ ਹੋਵੇਗਾ,ਜਿਸਨੇ ਆਪਣੀ ਖੋਜ ਜਾਂ ਖੋਜਕਾਰਜ ਸੰਪੂਰਨ ਕਰਨ ਲਈ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਤੋਂ ਲਾਭ ਨਾ ਉਠਾਇਆ ਹੋਵੇ।

ਡਾ. ਜਗਮੇਲ ਸਿੰਘ ਭਾਠੂਆਂ
ਇੰਚਾਰਜ,ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ
ਏ-68-ਏ, ਸੈਕੰਡ ਫਲੋਰ,ਫਤਹਿ ਨਗਰ,ਨਵੀਂ  ਦਿੱਲੀ
ਮੋਬਾਈਲ – 09871312541