23 ਨਵੰਬਰ ਬਰਸੀ ਤੇ ਵਿਸ਼ੇਸ਼ – ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ
ਗੁਰਮਤਿ ਵਿਆਖਿਆ ਅਤੇ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਭਾਈ ਕਾਨ੍ਹ ਸਿੰਘ ਨਾਭਾ ਇਕ ਅਜਿਹਾ ਨਾਂ ਹੈ ਜਿਸਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਘਰ 30ਅਗਸਤ 1861 ਈ: ਨੂੰ ਹੋਇਆ।
ਬਚਪਨ ਵਿਚ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਪਾਸੋਂ ਨਾਭਾ ਵਿਖੇ ਤੇ ਬਾਅਦ ਵਿਚ ਸਮੇ ਦੇ ਹੋਰ ਪ੍ਰਮੁੱਖ ਵਿਦਵਾਨਾਂ ਪਾਸੋਂ ਬਹੁਪੱਖੀ ਵਿਦਿਆ ਗ੍ਰਹਿਣ ਕੀਤੀ, ਆਪ ਸੰਗੀਤ ਪ੍ਰੇਮੀ ਵੀ ਸਨ।। ਭਾਈ ਕਾਨ੍ਹ ਸਿੰਘ ਦਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਚ ਸਰਦਾਰ ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ ,ਜਿਸਦੀ ਕੁੱਖੋਂ ਉਨ੍ਹਾਂ ਦੇ ਇਕਲੌਤੇ ਬੇਟੇ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892ਈ: ਵਿਚ ਹੋਇਆ।ਭਾਈ ਸਹਿਬ ਨੇ ਰਿਆਸਤ ਨਾਭਾ ਅਤੇ ਪਟਿਆਲਾ ਵਿਚ ਕਈ ਉੱਚ ਆਹੁਦਿਆਂ ਤੇ ਸੇਵਾ ਕੀਤੀ ਅਤੇ ਮਹਾਰਾਜਾ ਰਿਪੁਦਮਨ ਸਿੰਘ ,ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਤੇ ਪ੍ਰਸਿੱਧ ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਆਪ ਦੇ ਪ੍ਰਮੁੱਖ ਸ਼ਿਸ਼ ਬਣੇ। ਮਹਾਰਾਜਾ ਭੁਪਿੰਦਰ ਸਿੰਘ (ਰਿਆਸਤ ਪਟਿਆਲਾ) ਤੇ ਮਹਾਰਾਜਾ ਰਿਆਸਤ ਕਪੂਰਥਲਾ ਵੀ ਉਨ੍ਹਾਂ ਦੇ ਬੜੇ ਕਦਰਦਾਨ ਸਨ। ਉਸ ਮੌਕੇ ਦੀਆਂ ਸੁਧਾਰਕ ਲਹਿਰਾਂ ‘ਸਿੰਘ ਸਭਾ ਲਹਿਰ’ ਆਦਿ ਦੇ ਆਗੂ ਵੀ ਉਨ੍ਹਾਂ ਦੀ ਵਿਦਵਤਾ ਤੋਂ ਬਹੁਤ ਪ੍ਰਭਾਵਿਤ ਸਨ।
ਇਕ ਲੇਖਕ ਦੇ ਤੌਰ ਤੇ ਭਾਈ ਸਾਹੇਬ ਦਾ ਆਗਮਨ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਹੋਇਆ।ਮੁਢਲੇ ਦੌਰ ਦੀਆਂ ਰਚਨਾਵਾਂ ` ਰਾਜ ਧਰਮ`,`ਟੀਕਾ ਜੈਮਨੀ ਅਸਵਮੇਧ`,ਤੇ`ਨਾਟਕ ਭਾਵਾਰਥ ਦੀਪਕਾ` ਆਦਿ ਆਪ ਨੂੰ ਪਰੰਪਰਾਗਤ ਵਿਦਿਆ ਦਾ ਵਿਦਵਾਨ ਸਿੱਧ ਕਰਦੀਆਂ ਹਨ।ਇਸ ਉਪਰੰਤ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ `ਹਮ ਹਿੰਦੂ ਨਹੀਂ`,`ਗੁਰੁਮਤ ਪ੍ਰਭਾਕਰ`,`ਗੁਰੁਮਤ ਸੁਧਾਕਰ`,`ਗੁਰੁ-ਗਿਰਾ ਕਸੌਟੀ `,`ਸੱਦ ਕਾ ਪਰਮਾਰਥ` ‘ਠਗ-ਲੀਲ੍ਹਾ’,‘ਚੰਡੀ ਦੀ ਵਾਰ ਸਟੀਕ’ ਤੇ ਅਨੇਕਾਂ ਹੋਰ ਪੁਸਤਕਾਂ ਦੀ ਰਚਨਾ ਸਦਕਾ ਉਹ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ ਵਜੋਂ ਸਥਾਪਤ ਹੋਏ।ਇਨ੍ਹਾਂ ਲਿਖਤਾਂ ਨਾਲ ਸਿੱਖ ਰਾਜਨੀਤੀ ਨੂੰ ਸਪੱਸ਼ਟ ਮਨੋਰਥ ਤੇ ਦਿਸ਼ਾ ਦੇਣ ਤੋਂ ਇਲਾਵਾ ,ਨਾਲ ਹੀ ਉਨ੍ਹਾਂ ਪਹਿਲੀ ਵਾਰ ਸਿੱਖ ਇਤਿਹਾਸ ,ਗੁਰਬਾਣੀ ਤੇ ਸਿੱਖ ਸਾਹਿਤ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਪਰਖਕੇ ਉਸ ਵਿਚ ਪਾਏ ਰਲਾਅ ਨੂੰ ਵਖਰਿਆ ਕੇ ਸਿੱਟਾ ਕੱਢਿਆ ਕਿ `ਗੁਰਬਾਣੀ `ਸਨਾਤਨੀ ਵਿਚਾਰਾਂ ਦੀ ਪ੍ਰੋੜਤਾ ਨਹੀਂ ਕਰਦੀ ਅਤੇ ਨਾ ਹੀ ਗੁਰਬਾਣੀ ਧਰਮ ਸ਼ਾਸਤਰਾਂ ਦਾ ਖੁਲਾਸਾ ਹੈ। `ਗੁਰੁਛੰਦ ਦਿਵਾਕਰ` ਤੇ ਗੁਰੁਸ਼ਬਦਾਲੰਕਾਰ` ਪੁਸਤਕਾਂ ਦੀ ਰਚਨਾ ਕਰਕੇ ਉਹ ਇਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਪ੍ਰਸ਼ਿੱਧ ਹੋਏ ।
ਪੰਜਾਬੀ ਕੋਸ਼ਕਾਰੀ ਵਿਚ ਵਿਸ਼ਵਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ‘ਗੁਰੁਸ਼ਬਦ ਰਤਨਾਕਾਰ ਮਹਾਨਕੋਸ਼’ ਹੈ। ਇਸ ਕੋਸ਼ ਦੀ ਤਿਆਰੀ ਦਾ ਕੰਮ 1900 ਈ. ਵਿੱਚ ਬੀਜ-ਰੂਪ ਵਿਚ ਆਰੰਭ ਹੋ ਗਿਆ ਸੀ ਜਦੋਂ ਭਾਈ ਕਾਨ੍ਹ ਸਿੰਘ ਨੇ ਪ੍ਰਾਪਤ ‘ਗੁਰ ਗਿਰਾਰਥ ਕੋਸ਼’ (ਰਚਿਤ ਪੰਡਿਤ ਤਾਰਾ ਸਿੰਘ ਨਰੋਤਮ) ਅਤੇ ‘ਸ੍ਰੀ ਗੁਰੂ ਗ੍ਰੰਥ ਕੋਸ਼’ (ਰਚਿਤ ਭਾਈ ਹਜਾਰਾ ਸਿੰਘ) ਵਿਚ ਦਰਜ ਹੋਣੋਂ ਰਹਿ ਗਏ ਸ਼ਬਦਾਂ ਦਾ ਕੋਸ਼ ਤਿਆਰ ਕਰਨ ਦੀ ਯੋਜਨਾ ਬਣਾਈ। ਇਸ ਕੋਸ਼ ਲਈ ਇਕੱਤਰ ਸਾਮੱਗਰੀ ਦਾ ਜਦੋਂ ਸੰਪਾਦਨ ਤੇ ਸੰਕਲਨ ਹੋਣ ਲੱਗਾ ਤਾਂ ‘ਇਨਸਾਈਕਲੋਪੀਡੀਆ ਬ੍ਰਿਟਾਨਿਕਾ’ ਨੇ ਭਾਈ ਸਾਹਿਬ ਨੂੰ ਬਹੁਤ ਪ੍ਰੇਰਿਆ ਤੇ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਕੋਸ਼ ਤਿਆਰ ਕਰਨ ਦੀ ਥਾਂ ਸਿੱਖ ਸਾਹਿਤ ਦਾ ਕੋਸ਼ ਤਿਆਰ ਕੀਤਾ ਜਾਵੇ। ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਇਸ ਯਤਨ ਦੇ ਸਿੱਟੇ ਵਜੋਂ ਸਿਰਜਿਆ ਗਿਆ। ਵਿਗਿਆਨਕ ਲੀਹਾਂ ਉਤੇ ਤਿਆਰ ਕੀਤੇ ਗਏ ਇਸ ਅਦੁੱਤੀ ਹਵਾਲਾ ਗ੍ਰੰਥ ਲਈ ਭਾਈ ਸਾਹਿਬ ਨੂੰ 14-15 ਸਾਲ ਦੀ ਕਠਿਨ ਤਪੱਸਿਆ ਅਤੇ ਅਣਥੱਕ ਮਿਹਨਤ ਕਰਨੀ ਪਈ। ਇਸ ਨੂੰ ਲਿਖਣਾ ਸੰਨ 1912 ਵਿੱਚ ਆਰੰਭ ਕੀਤਾ, ਸੰਨ 1926 ਵਿੱਚ ਮੁਕੰਮਲ ਹੋਇਆ ਅਤੇ ਸੰਨ 1930 ਈ. ਵਿੱਚ ਦਰਬਾਰ ਪਟਿਆਲਾ ਵਲੋਂ ਛਾਪ ਕੇ ਪ੍ਰਕਾਸ਼ਿਤ ਕੀਤਾ ਗਿਆ। ਪਹਿਲੇ ਐਡੀਸ਼ਨ ਦੀਆਂ ਕਾਪੀਆਂ ਖ਼ਤਮ ਹੋਣ ਤੋਂ ਬਾਅਦ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਨੇ ਇਸ ਦੇ ਆਕਾਰ ਨੂੰ ਸੰਖੇਪ ਕਰਕੇ ਛਪਵਾਇਆ। ਭਾਈ ਸਾਹਿਬ ਦੀ ਕੋਸ਼ਕਾਰੀ ਸ਼ੂਖਮ ਅਰਥ ਪੇਸ਼ ਕਰਨ ਦੀ ਸਮਰੱਥਾ ਤੇ ਭਾਸ਼ਿਕ ਸਪੱਸ਼ਟਤਾ, ਨਿਰਵਿਵਾਦ ਪਿਛਲੇ ਸਾਰੇ ਕੋਸ਼ਕਾਰਾਂ ਦੇ ਯਤਨਾਂ ਤੋਂ ਅਗਲੇਰੇ ਪੜਾਉ ਦੀ ਸੀ।
`ਸ਼ਰਾਬ-ਨਿਸ਼ੇਧ` ਵਰਗੀਆਂ ਸਮਾਜ ਸੁਧਾਰਕ ਪੁਸਤਕਾਂ ਲਿਖਣ ਦੇ ਨਾਲ ਨਾਲ ਭਾਈ ਕਾਨ੍ਹ ਸਿੰਘ ਨਾਭਾ ਨੇ ਪੰਜਾਬੀ ਟੀਕਾਕਾਰੀ ਨੂੰ ਵੀ ਵਿਗਿਆਨਕ ਲੀਹਾਂ ਤੇ ਤੋਰਿਆ ਅਤੇ ਸਮਕਾਲੀ ਅਖਬਾਰਾਂ ਤੇ ਰਸਾਲਿਆਂ ਲਈ ਅਨੇਕ ਨਿਬੰਧ ਲਿਖਕੇ ਪੰਜਾਬੀ ਨਿਬੰਧ ਦੇ ਆਰੰਭ ਵਿਚ ਵਡਮੁੱਲਾ ਯੋਗਦਾਨ ਪਾਇਆ।ਪ੍ਰਸਿੱਧ ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਦੀ ਵਿਸ਼ਵ ਪ੍ਰਸਿੱਧ ਪੁਸਤਕ `ਦੀ ਸਿੱਖ ਰਿਲੀਜਨ` ਨੂੰ ਸੰਪੂਰਨ ਕਰਾਉਨ ਲਈ ਅਤੇ ਖਾਲਸਾ ਕਾਲਿਜ ਅੰਮ੍ਰਿਤਸਰ ਦੀ ਸਥਾਪਨਾ ਲਈ ਵੀ ਆਪ ਦਾ ਅਹਿਮ ਯੋਗਦਾਨ ਹੈ। ਖ਼ਾਨਦਾਨ ਬਾਗੜੀਆਂ ਦਾ ਇਤਿਹਾਸ ਭਾਈ ਸਾਹਿਬ ਨੇ ਆਪਣੇ ਦੇਹਾਂਤ ਤੋਂ ਦੋ ਵਰ੍ਹੇ ਪਹਿਲਾਂ ਪੂਰਾ ਕੀਤਾ। ਬਹੁਪੱਖੀ ਪ੍ਰਤਿੱਭਾ ਦੇ ਮਾਲਕ ਭਾਈ ਕਾਨ੍ਹ ਸਿੰਘ ਨਾਭਾ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤਿ ਵਿਸ਼ਾਲ ਸੀ ‘। ਉਨ੍ਹਾਂ ਆਪਣੇ ਸਾਹਿਤਕ ਸਫਰ ਦਾ ਆਰੰਭ ਕਵਿਤਾ ਰਾਹੀਂ ਕੀਤਾ।ਜੀਵਨ ਦੇ ਆਰੰਭਲੇ ਦਿਨਾਂ ਚ ਕਾਨ੍ਹ ਸਿੰਘ ਨੇ ਭਾਈ ਭਗਵਾਨ ਸਿੰਘ ਦੁਗਾਂ ਵਾਲੇ ਤੇ ਭਾਈ ਵੀਰ ਸਿੰਘ ਜਲਾਲਕੇ ਪਾਸੋਂ ਕਵਿਤਾ ਰਚਨ ਦੀ ਸਿਖਿਆ ਲੈ ਕੇ ਹਾਸ-ਰਸੀ ਕਵਿਤਾ ਲਿਖਣੀ ਆਰੰਭ ਕੀਤੀ ।‘ਗੀਤਾਂਜਲੀ ਹਰੀਵ੍ਰਿਜੇਸ਼’ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦਾ ਵਡਮੁੱਲਾ ਸੰਗ੍ਰਹਿ ਹੈ;ਇਸ ਖਜ਼ਾਨੇ ਨੂੰ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਪੁਸਤਕ ਰੂਪ ਵਿਚ ਸੰਭਾਲਿਆ ਹੈ।
23 ਨਵੰਬਰ1938 `ਚ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਨ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹੇਬ ਦਾ ਦੇਹਾਂਤ ਹੋਇਆ।ਆਪ ਜੀ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਸਿੱਖ ਕੌਮ ਵਿਚ `ਭਾਈ ਸਾਹਿਬ` ਜਾਂ `ਪੰਥ ਰਤਨ` ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਭਾਈ ਸਾਹੇਬ ਦੇ ਸਪੁੱਤਰ ਭਗਵੰਤ ਸਿੰੰਘ ਹਰੀ ਜੀ,ਨੂੰ ਬੀਬੀ ਹਰਨਾਮ ਕੌਰ ਅਤੇ ਪੋਤ-ਨੂੰਹ ਡਾ.ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਯੋਗਦਾਨ ਪਾਇਆ।ਵਰਤਮਾਨ ‘ਚ ਭਾਈ ਸਾਹੇਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਤੇ ਸਾਹਿਤੱਕ ਰੁਚੀਆਂ ਦੇ ਧਾਰਨੀ ਹਨ।
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ ਦੀ ਦ੍ਰਿਸ਼ਟੀ ਵਿਸ਼ਵਵਿਆਪੀ,ਆਦਰਸ਼ਵਾਦੀ ਤੇ ਵਿਗਿਆਨਕ ਹੈ।ਉਨ੍ਹਾਂ ਦੁਆਰਾ ਰਚਿਆ ਗਿਆ ਧਾਰਮਿਕ ਸਾਹਿਤ ,ਭਾਈ ਸਾਹਿਬ ਨੂੰ ਭਾਈ ਗੁਰਦਾਸ ਤੋਂ ਪਿਛੋਂ ਗੁਰਮਤਿ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦਾ ਹੈ।ਉਨ੍ਹਾਂ ਵਲੋਂ ਰਚੇ ਮਹਾਨ ਗ੍ਰੰਥਾਂ ਦੀ ਸਾਰਥਿਕਤਾ ਜਿੰਨੀ ਪਿਛਲੇ ਸਮੇ ਵਿਚ ਸੀ,ਉਨੀ ਅੱਜ ਵੀ ਬਰਕਰਾਰ ਹੈ ਅਤੇ ਭਵਿੱਖ ਵਿਚ ਵੀ ਬਰਕਰਾਰ ਰਹੇਗੀ।
ਡਾ.ਰਵਿੰਦਰ ਕੌਰ ਰਵੀ
ਏ 68 ਏ ,ਐੱਸ.ਐੱਫ,ਫਤੇਹ ਨਗਰ ,ਨਵੀਂ ਦਿੱਲੀ_18
ਮੋਬਾ. – 88470-47554