ਭੂਮਿਕਾ

ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ ਦੀ ਦ੍ਰਿਸ਼ਟੀ ਵਿਸ਼ਵਵਿਆਪੀ,ਆਦਰਸ਼ਵਾਦੀ ਤੇ ਵਿਗਿਆਨਕ ਹੈ।ਉਨ੍ਹਾਂ ਦੁਆਰਾ ਰਚਿਆ ਗਿਆ ਧਾਰਮਿਕ ਸਾਹਿਤ ,ਭਾਈ ਸਾਹਿਬ ਨੂੰ ਭਾਈ ਗੁਰਦਾਸ ਤੋਂ ਪਿਛੋਂ ਗੁਰਮਤਿ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦਾ ਹੈ।ਉਨ੍ਹਾਂ ਵਲੋਂ ਰਚੇ ਮਹਾਨ ਗ੍ਰੰਥਾਂ ਦੀ ਸਾਰਥਿਕਤਾ ਜਿੰਨੀ ਪਿਛਲੇ ਸਮੇ ਵਿਚ ਸੀ,ਉਨੀ ਅੱਜ ਵੀ ਬਰਕਰਾਰ ਹੈ ਅਤੇ ਭਵਿੱਖ ਵਿਚ ਵੀ ਬਰਕਰਾਰ ਰਹੇਗੀ। ਸਿੱਖ ਧਰਮ ਦੁਨੀਆ ਦੇ ਧਾਰਮਿਕ ਇਤਿਹਾਸ ਵਿਚ ਨਵੀਨ ਧਰਮ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਧਰਮ ਪਰੰਪਰਾ ਵਿਚ ਨਿਵੇਕਲੇ ਸਿਧਾਤਾਂ ਦੀ ਨੀਂਹ ਰੱਖੀ। ਇਨ੍ਹਾਂ ਸਿਧਾਤਾਂ ਦੇ ਉਪਰ ਹੀ ਸਿੱਖ ਪੰਥ ਦਾ ਵਿਕਾਸ ਹੋਇਆ। ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀਆਂ ਪਰੰਪਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਕਿਰਿਆਤਮਕ ਰੂਪ ਦਿਤਾ ਗਿਆ। ਗੁਰੂ ਸਾਹਿਬਾਨ ਨੇ ਬਾਣੀ ਦਾ ਉਚਾਰਨ ਕੀਤਾ ਅਤੇ ਸਿੱਖ ਸਿਧਾਤਾਂ ਨਾਲ ਮਿਲਦੀ ਭਗਤ ਬਾਣੀ, ਭੱਟ ਅਤੇ ਕੁਝ ਸਿੱਖਾਂ ਦੁਆਰਾ ਉਚਾਰਨ ਕੀਤੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ । ਗੁਰੂ ਗ੍ਰੰਥ ਸਾਹਿਬ ਵਿਚ ਮਿਲਦੀ ਬਹੁਤ ਸਾਰੀ ਸ਼ਬਦਾਵਲੀ ਭਾਰਤੀ ਅਤੇ ਸਾਮੀ ਧਰਮ ਪਰੰਪਰਾ ਖਾਸ ਕਰਕੇ ਇਸਲਾਮ ਨਾਲ ਸੰਬੰਧਿਤ ਹੈ। ਇਸ ਦੇ ਸੰਦਰਭ ਨੂੰ ਜਾਣੇ ਬਗੈਰ ਜਾਂ ਆਪਣੇ ਅਨੁਸਾਰ ਵਿਆਖਿਆ ਕਰਕੇ ਹਿੰਦੂਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਅਤੇ ਸਿੱਖ ਪੰਥ ਨੂੰ ਹਿੰਦੂ ਧਰਮ ਦੀ ਇਕ ਸ਼ਾਖ ਕਹਿਣਾ ਸ਼ੁਰੂ ਕਰ ਦਿੱਤਾ,ਜਦਕਿ ਆਪਣੇ ਧਾਰਮਿਕ ਨਿਯਮਾਂ ਤੇ ਸੰਸਕਾਰਾਂ ਦੇ ਆਧਾਰ ‘ਤੇ ‘ ਸਿੱਖ ਧਰਮ’ ਹਿੰਦੂ,ਈਸਾਈ ਅਤੇ ਇਸਲਾਮ ਦੀ ਤਰ੍ਹਾਂ ਇਕ ਵੱਖਰਾ ਅਤੇ ਸੁਤੰਤਰ ਧਰਮ ਹੈ।

ਸਿੱਖ ਪੰਥ ਦੇ ਪ੍ਰਕਾਸ਼ਮਾਨ ਹੋਣ ਨਾਲ ਹੀ ਇਸ ਦੇ ਸਿਧਾਤਾਂ ਦੀ ਵਿਆਖਿਆ ਹੋਣ ਲੱਗ ਪਈ। ਇਸ ਦੀ ਪਹਿਲੀ ਉਦਾਹਰਨ ਗੁਰਬਾਣੀ ਦੀ ਗੁਰਬਾਣੀ ਰਾਹੀਂ ਵਿਆਖਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ’ਤੇ ਪਤਾ ਲਗਦਾ ਹੈ ਕਿ ਗੁਰੂ ਸਾਹਿਬਾਨ ਦੀ ਬਾਣੀ ਆਪਣੇ ਤੋਂ ਪੂਰਬਲੇ ਗੁਰੂ ਜਾਂ ਭਗਤ ਸਾਹਿਬਾਨ ਦੀ ਬਾਣੀ ਦੀ ਵਿਆਖਿਆ ਕਰ ਰਹੀ ਹੈ।  ਸਿੱਖ ਪੰਥ ਦੇ ਇਤਿਹਾਸਕ ਵਿਕਾਸ ਨਾਲ ਪੈਦਾ ਹੋਈਆਂ ਕਈ ਸੰਪਰਦਾਵਾਂ ਜਿਵੇਂ ਉਦਾਸੀ, ਨਿਰਮਲੇ ਅਤੇ ਭਾਈ ਆਦਿ ਨੇ ਸਿੱਖ ਸਿਧਾਤਾਂ ਅਤੇ ਇਤਿਹਾਸ  ਦਾ ਪੁਨਰ ਵਿਖਿਆਨ ਕੀਤਾ। ਉਤਰ ਗੁਰੂ-ਕਾਲ ਜਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਨੇ ਬਹੁਤ ਬਿਖੜਾ ਪੈਂਡਾ ਤਹਿ ਕੀਤਾ। ਇਸ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੀ ਉਹ ਸ਼ਬਦਾਵਲੀ ਜਿਸ ਨੂੰ ਹਿੰਦੂ ਸਿਧਾਤਾਂ ਦੇ ਵਿਸ਼ਲੇਸ਼ਣ ਵਜੋਂ ਵਰਤਿਆ ਗਿਆ ਸੀ, ਨੂੰ ਹਿੰਦੂ ਧਰਮ ਸ਼ਾਸਤਰ ਦੇ ਰੂਪ ਵਿਚ ਵਰਤਿਆ ਗਿਆ। ਉਦਾਸੀ ਅਤੇ ਨਿਰਮਲੇ ਵਿਦਵਾਨਾਂ ਵਲੋਂ ਗੁਰੂ ਸਾਹਿਬਾਨ ਨੂੰ ਸੂਰਜਵੰਸ਼ੀ ਅਤੇ ਚੰਦ੍ਰਵੰਸ਼ੀ ਕਹਿ ਕੇ ਹਿੰਦੂ ਅਵਤਾਰਾਂ ਦੀ ਕੁਲ ਪਰੰਪਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ । ਬ੍ਰਾਹਮਣਵਾਦ ਦੇ ਪ੍ਰਭਾਵ ਅਧੀਨ ਇਤਿਹਾਸ ਨੂੰ ਮਿਥਿਹਾਸਕ ਰੰਗਣ ਵਿਚ ਰੰਗ ਦਿਤਾ ਗਿਆ।

ਇਤਿਹਾਸ ਵਿਆਖਿਆਕਾਰੀ ਨਾਲ ਜੁੜਿਆ ਹੋਇਆ ਪ੍ਰਮੁਖ ਵਿਸ਼ਾ ਹੈ। ਸਿਧਾਂਤਕ ਅਤੇ ਇਤਿਹਾਸਕ ਵਿਆਖਿਆਕਾਰੀ ਨਾਲ ਨਾਲ ਚਲਦੀਆਂ ਹਨ। ਭਾਰਤ ਅਤੇ ਖਾਸ ਕਰ ਪੰਜਾਬ ਉਪਰ ਅੰਗਰੇਜ਼ਾਂ ਦੇ ਕਾਬਜ ਹੋਣ ਨਾਲ ਇਥੇ ਪੱਛਮੀ ਵਿਦਿਆ ਦਾ ਫੈਲਾਅ ਹੋਇਆ। ਪੱਛਮ ਦੀ ਵਿਦਿਅਕ ਸੂਝ ਵਿਸ਼ਵਾਸ਼ ਨਾਲੋਂ ਤਰਕਮਈ ਹੋਣ ਵਿਚ ਜਿਆਦਾ ਭਰੋਸਾ ਕਰਦੀ ਹੈ। ਉਸ ਉਪਰ ਪ੍ਰਭਾਵੀ ਯਹੂਦੀ ਗਿਆਨ ਮੀਮਾਂਸਾ (Epistemology) ਵਿਚ ਮਿਥਿਹਾਸ ਦੀ ਵੀ ਬੌਧਿਕ ਅਤੇ ਇਤਿਹਾਸਕ ਵਿਆਖਿਆ ਕਰਨ ਦੀ ਪਰਿਪਾਟੀ ਹੈ। ਇਹ ਗਿਆਨ ਮੀਮਾਂਸਾ ਹੀ ਅਧੁਨਿਕ ਪੱਛਮੀ ਗਿਆਨ ਵਿਗਿਆਨ ਉਪਰ ਕਾਬਜ ਹੈ। ਪੱਛਮੀ ਗਿਆਨ ਮੀਮਾਂਸਾ ਦਾ ਪਾਸਾਰ ਭਾਰਤ ਵਿਚ ਹੋਣ ਕਰਕੇ ਭਾਰਤੀ ਧਰਮ ਪਰੰਪਰਾ ਨਾਲ ਜੁੜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਆਪਣੇ ਧਰਮਾਂ ਦੀ ਪੁਨਰ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਇਸ ਸਮੇਂ ਸਿੱਖ ਪੰਥ ਵਿਚ ਸਿੰਘ ਸਭਾ ਲਹਿਰ ਦਾ ਉਥਾਨ ਹੋਇਆ। ਜਿਸ ਨਾਲ ਜੁੜੇ ਹੋਏ ਵਿਦਵਾਨ ਤੇ ਆਗੂ, ਪੂਰਬੀ ਅਤੇ ਪੱਛਮੀ ਗਿਆਨ ਨਾਲ ਸਰਸ਼ਾਰ ਸਨ।

ਸਿੰਘ ਸਭਾ ਲਹਿਰ ਦਾ ਸਮਕਾਲੀ ਭਾਈ ਕਾਨ੍ਹ ਸਿੰਘ ਨਾਭਾ ਦਾ ਪਰਿਵਾਰ ਵੀ ਸੀ। ਆਪ ਦੇ ਵਡੇਰੇ ਭਾਰਤੀ ਗਿਆਨ ਖਾਸ ਕਰ ਮਿਥਿਹਾਸ ਅਤੇ ਸਿੱਖ ਪੰਥ ਦੀ ਸੰਪਰਦਾਈ ਵਿਦਿਆ ਨਾਲ ਜੁੜੇ ਹੋਏ ਸਨ। ਬਤੌਰ ਲੇਖਕ ਦੇ ਭਾਈ ਕਾਨ੍ਹ ਸਿੰਘ ਨਾਭਾ ਦੇ ਵਿਅਕਤਿਤਵ ਦਾ ਵਿਕਾਸ, ਸਿੱਖ-ਧਰਮ ਦੇ ਉਥਾਨ ਲਈ,ਸਿੰਘ ਸਭਾ ਲਹਿਰ ਦੇ ਪ੍ਰਤਿਬੱਧ ਵਿਚਾਰਾਂ ਦੇ ਪ੍ਰਸਾਰਨ ਅਤੇ ਲਿਖਤੀ ਰੂਪ ਵਿਚ ਪ੍ਰਚਾਰਨ ਦੇ ਯਤਨਾਂ ਵਿਚ ਹੋਇਆ। ਆਪ ਦੀਆਂ ਮੁੱਢਲੀਆ ਰਚਨਾਵਾਂ ਨੂੰ ਛੱਡਕੇ ,ਜ਼ਿਆਦਾਤਰ ਰਚਨਾਵਾਂ ਦਾ ਪ੍ਰੇਰਨਾਂ-ਸਰੋਤ ਸਿੱਖ ਮੱਤ ਪ੍ਰਤੀ ਅਪਾਰ ਸ਼ਰਧਾ,ਉਤੇਜਿਤ ਭਾਵਨਾਂ ਤੋਂ ਪੈਦਾ ਹੋਇਆ ਪ੍ਰਤੀਕਰਮ,ਵਾਦ-ਵਿਵਾਦ ਲਈ ਉੱਤਰ ਦੇਣਾ,ਇਤਿਹਾਸ ਅਤੇ ਗੁਰਬਾਣੀ ਦੀ ਖੋਜ ਕਰਨ ਦੀ ਰੁੱਚੀ,ਸਿੱਖ ਗੁਰੂਆਂ ਪ੍ਰਤੀ ਪਵ੍ਵਿੱਤਰ ਨਿਸ਼ਠਾ ਅਤੇ ਸਿੱਖ ਧਰਮ,ਗੁਰਬਾਣੀ ਦੀ ਸ਼ੁੱਧਤਾ ਉੱਚਤਾ ਬਣਾਈ ਰੱਖਣ ਦੇ ਮੰਤਵ ਕਹੇ ਜਾ ਸਕਦੇ ਹਨ।  ਭਾਈ ਸਾਹਿਬ ਨੇ ਇਤਿਹਾਸ ਨੂੰ ਮਿਥਿਹਾਸ ਨਾਲੋਂ ਨਿਖੇੜ ਕੇ ਵੇਖਣ ਵਲ ਰੁਖ ਕੀਤਾ।  ਸਿੱਖ ਪਛਾਣ ਨਾਲ ਜੁੜੇ ਮੁੱਦਿਆਂ ਨੂੰ ਆਪਣੇ ਅਧਿਐਨ ਵਿਚ ਸ਼ਾਮਿਲ ਕੀਤਾ ਅਤੇ ਸਿੱਖ ਇਤਿਹਾਸ ਦੀ ਪੁਨਰ ਵਿਆਖਿਆ ਕੀਤੀ। ਹਥਲੀ ਪੁਸਤਕ ਭਾਈ ਕਾਨ੍ਹ ਸਿੰਘ ਨਾਭਾ ਦੀ ਸ਼ਖਸ਼ੀਅਤ ਦੇ ਅਨੇਕ ਪੱਖਾਂ ਵਿਚੋਂ ਇਕ ਵਿਸ਼ੇਸ਼ ਪੱਖ ਨਾਲ ਜੁੜੀ ਹੈ।  ਇਹ ਪੱਖ ਹੈ, ਉਨ੍ਹਾਂ ਦੀ ਇਤਿਹਾਸਕ ਸੂਝ। ਇਸ ਦੇ ਅਧਾਰ ਉਪਰ ਹੀ ਉਨ੍ਹਾਂ ਨੇ ਸਿੱਖ ਸ਼ਨਾਖਤ ਨੂੰ ਹੋਰ ਧਰਮਾਂ ਦੇ ਸੰਦਰਭ ਵਿਚ ਵਿਕਲੋਤਰੇ ਰੂਪ ਵਿਚ ਪੇਸ਼ ਕੀਤਾ।

ਹਥਲੀ ਪੁਸਤਕ ‘ ਭਾਈ ਕਾਨ੍ਹ ਸਿੰਘ ਨਾਭਾ ਆਧੁਨਿਕ ਸਿੱਖ ਇਤਿਹਾਸਕਾਰ ‘ ਨੂੰ ਛੇ ਅਧਿਆਇਆਂ ਵਿਚ ਵੰਡਿਆ ਗਿਆ ਹੈ। ਪਹਿਲਾ ਅਧਿਆਇ ‘ਭਾਈ ਕਾਨ੍ਹ ਸਿੰਘ ਨਾਭਾ ਦਾ ਪਰਿਵਾਰਕ ਪਿਛੋਕੜ ਅਤੇ ਜੀਵਨ ਸਫਰ’ ਹੈ। ਇਹ ਉਨ੍ਹਾਂ ਦੇ ਦਾਦਕਿਆਂ, ਨਾਨਕਿਆਂ, ਮਾਪਿਆਂ ਅਤੇ ਹੋਰ ਅੰਗ ਸਾਕਾਂ ਦੇ ਵੇਰਵੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਜਨਮ ਤੋਂ ਲੈ ਕੇ ਸਰੀਰ ਤਿਆਗਣ ਤੱਕ ਦੇ ਜੀਵਨ ਸਫਰ ਨੂੰ ਇਸ ਵਿਚ ਚਿਤਰਨ ਦੀ ਕੋਸ਼ਿਸ਼ ਕੀਤੀ  ਗਈ ਹੈ। ਇਸ ਵਿਚ ਉਨ੍ਹਾਂ ਦੇ ਸਮਕਾਲ ਦੀ ਪ੍ਰਮੁਖ ਸਿੱਖ ਲਹਿਰ ‘ਸਿੰਘ ਸਭਾ’ ਦਾ ਵੀ ਸੰਖੇਪ ਵਰਨਣ ਹੈ। ਇਕ ਤਰ੍ਹਾਂ ਨਾਲ ਇਹ ਅਧਿਆਇ ਤਤਕਾਲੀ ਪ੍ਰਸਥਿਤੀਆਂ ਦਾ ਵੇਰਵਾ ਪ੍ਰਸਤੁਤ ਕਰਦਾ ਹੈ, ਜਿਨ੍ਹਾਂ ਦਾ ਭਾਈ ਸਾਹਿਬ ਨੇ ਪ੍ਰਭਾਵ ਕਬੂਲਿਆ ਅਤੇ ਜਿਨ੍ਹਾਂ ਉਪਰ ਉਹ ਪ੍ਰਭਾਵੀ ਹੋਏ।

ਦੂਜਾ ਅਧਿਆਇ ‘ਭਾਈ ਕਾਨ੍ਹ ਸਿੰਘ ਨਾਭਾ ਦੀ ਸ਼ਖਸ਼ੀਅਤ ਦੇ ਵਿਭਿੰਨ ਰੂਪ (ਉਨ੍ਹਾਂ ਦੀ ਲੇਖਣੀ ਦੇ ਸੰਦਰਭ ਵਿਚ)’ ਹੈ। ਇਸ ਵਿਚ ਉਨ੍ਹਾਂ ਦੀਆਂ ਰਚਨਾਵਾਂ ਦਾ ਵਰਣਨਾਤਮਿਕ ਵੇਰਵਾ ਦਿਤਾ ਗਿਆ ਹੈ। ਉਨ੍ਹਾਂ ਦਾ  ਸਾਹਿਤ ਰਚਣ ਦਾ ਸਮਾਂ 1884 ਈ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਗੁਰਮਤਿ ਪ੍ਰਚਾਰ, ਰਾਜਨੀਤੀ, ਵਿੱਦਿਆ, ਸਮਾਜ ਸੁਧਾਰ, ਛੰਦ, ਅਲੰਕਾਰ, ਕੋਸ਼, ਅਤੇ ਇਤਿਹਾਸ ਆਦਿ ਬਹੁਤ ਸਾਰੇ ਵਿਸ਼ਿਆਂ ਉਪਰ ਲਿਖਿਆ। ਭਾਈ ਸਾਹਿਬ ਦੀਆਂ ਰਚਨਾਵਾਂ ਦੀ ਗਿਣਤੀ ਦੋ ਦਰਜਨ ਤੋਂ ਉਪਰ ਬਣਦੀ ਹੈ,ਪਰੰਤੂ ਇਸ ਅਧਿਆਇ ਵਿਚ 23 ਕੁ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਭਾਈ ਸਾਹਿਬ ਨੇ ਆਪਣੀ ਰਚਨਾਂ ਤਿੰਨ ਪੜ੍ਹਾਵਾਂ ਵਿਚ ਕੀਤੀ। ਪੁਰਾਤਨ ਭਾਰਤੀ ਸਨਾਤਨੀ ਗ੍ਰੰਥਾਂ ਨਾਲ ਸੰਬੰਧਿਤ ਮੁੱਢਲੇ ਦੌਰ ਦੀਆਂ ਰਚਨਾਵਾਂ ਆਪ ਨੂੰ ਪਰੰਪਰਾਗਤ ਵਿੱਦਿਆ ਦਾ ਧਨੰਤਰ  ਵਿਦਵਾਨ ਸਿੱਧ ਕਰਦੀਆਂ ਹਨ, ਦੂਜਾ ਪੜ੍ਹਾਅ ਸਿੰਘ ਸਭਾ ਲਹਿਰ ਨਾਲ ਸੰਬੰਧਿਤ ਹੋ ਕੇ ਸਾਹਿਤ ਰਚਣ ਦਾ ਅਤੇ ਤੀਸਰਾ ਪੜ੍ਹਾਅ ਗੁਰੁਸ਼ਬਦ ਰਤਨਾਕਰ ਮਹਾਨਕੋਸ਼ ਦੀ ਤਿਆਰੀ ਅਤੇ ਪ੍ਰਕਾਸ਼ਨ ਨਾਲ ਸੰਬੰਧਿਤ ਹੈ।

ਤੀਜਾ ਅਧਿਆਇ ‘ਭਾਈ ਕਾਨ੍ਹ ਸਿੰਘ ਨਾਭਾ ਦੀ ਇਤਿਹਾਸਕਾਰੀ ਦੀ ਵਿਲੱਖਣਤਾ’ ਹੈ। ਇਸ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਸਿਧਾਂਤਕ ਰੂਪ ਵਿਚ ਇਤਿਹਾਸ ਦੇ ਸੰਕਲਪ ਦਾ ਅਧਿਐਨ ਕੀਤਾ ਗਿਆ ਹੈ। ਇਸ ਅਧੀਨ ਇਤਿਹਾਸ ਦੇ ਅਰਥ, ਪਰਿਭਾਸ਼ਾ, ਇਤਿਹਾਸਕ ਸਰੋਤਾਂ ਦੀਆਂ ਸਮਸਿੱਆਵਾਂ, ਇਤਿਹਾਸ ਅਤੇ ਮਿਥਿਹਾਸ ਦੀ ਰਲਾਵਟ ਆਦਿ ਵਿਸ਼ਿਆਂ ਵਿਚਾਰਿਆ ਗਿਆ ਹੈ। ਇਸਦੇ ਨਾਲ ਇਤਿਹਾਸ ਉਪਰ ਪ੍ਰਭਾਵੀ ਕਾਰਕ, ਜਿਨ੍ਹਾਂ ਵਿਚ ਇਤਿਹਾਸਕਾਰ ਦਾ ਅਧਿਐਨ ਪਿਛੋਕੜ, ਸੁਭਾਅ, ਸਮਾਜਿਕ ਵਾਤਾਵਰਨ, ਧਰਮ ਅਤੇ ਤਤਕਾਲੀ ਹਾਲਾਤ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਦੂਜਾ ਭਾਗ ਸਿੱਖ ਇਤਿਹਾਸਕਾਰੀ ਨਾਲ ਸੰਬੰਧਿਤ ਹੈ, ਜਿਸ ਵਿਚ ਭਾਈ ਸਾਹਿਬ ਤੋਂ ਪੂਰਬਲੀ ਸਿੱਖ ਇਤਿਹਾਸਕਾਰੀ, ਉਨ੍ਹਾਂ ਦੁਆਰਾ ਪੇਸ਼ ਇਤਿਹਾਸ ਦਾ ਸੰਕਲਪ, ਉਨ੍ਹਾਂ ਦੀ ਇਤਿਹਾਸਕਾਰੀ ਦੀਆਂ ਵਿਸ਼ੇਸ਼ਤਾਵਾਂ, ਉਨ੍ਹਾਂ ਦੀਆਂ ਲਿਖਤਾਂ ਦੇ ਪ੍ਰਮਾਣ ਸਰੋਤ, ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀ ਇਤਿਹਾਸਕਾਰੀ ਦੀ ਵਿਲੱਖਣਤਾ ਦਾ ਅਧਿਐਨ ਕੀਤਾ ਗਿਆ ਹੈ।

ਚੌਥਾ ਅਧਿਆਇ ‘ਮਹਾਨ ਕੋਸ਼ ਵਿਚ ਭਾਰਤੀ ਇਤਿਹਾਸ’ ਹੈ। ਇਸ ਵਿਚ ਭਾਈ ਸਾਹਿਬ ਦੀ ਮਹਾਨ ਰਚਨਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਨੂੰ ਅਧਾਰ ਬਣਾ ਕੇ ਉਸ ਵਿਚ ਦਿੱਤੇ ਭਾਰਤੀ ਇਤਿਹਾਸ ਸੰਬੰਧੀ ਇੰਦਰਾਜਾਂ ਦਾ ਅਧਿਐਨ ਕੀਤਾ ਗਿਆ ਹੈ। ਮਹਾਨ ਕੋਸ਼ ਵਿਚ ਭਾਰਤੀ ਇਤਿਹਾਸ ਦੇ ਪ੍ਰਾਚੀਨ, ਮੱਧ ਅਤੇ ਆਧੁਨਿਕ ਕਾਲ ਨਾਲ ਸੰਬੰਧਿਤ ਅਨੇਕ ਨਾਵਾਂ, ਥਾਵਾਂ ਅਤੇ ਘਟਨਾਵਾਂ ਦੇ ਜੋ ਵੇਰਵੇ ਮਿਲਦੇ ਹਨ, ਉਨ੍ਹਾਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਇਸ ਅਧਿਆਇ ਵਿਚ ਕੀਤਾ ਗਿਆ ਹੈ।

ਅਧਿਆਇ ਪੰਜਵਾਂ ਵੀ ਮਹਾਨ ਕੋਸ਼ ਉਪਰ ਹੀ ਅਧਾਰਿਤ ਹੈ। ਉਸ ਦਾ ਨਾਮ ‘ਮਹਾਨ ਕੋਸ਼ ਵਿਚ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ’ ਹੈ। ਮਹਾਨ ਕੋਸ਼ ਦਾ ਮੁਖ ਵਿਸ਼ਾ ਹੀ ਪੰਜਾਬ ਦੇ ਇਤਿਹਾਸ, ਸਾਹਿਤ ਅਤੇ ਸਭਿਆਚਾਰ ਬਾਰੇ ਵਿਸ਼ਵਕੋਸ਼ੀ ਜਾਣਕਾਰੀ ਦੇਣਾ ਜਾਪਦਾ ਹੈ। ਪੰਜਾਬ ਦੇ ਨਾਮ ਤੋਂ ਲੈ ਕੇ ਭਾਈ ਕਾਨ੍ਹ ਸਿੰਘ ਦੇ ਸਮਕਾਲ ਤੱਕ ਦੀ ਹਰ ਜਾਣਕਾਰੀ ਭਾਈ ਸਾਹਿਬ ਨੇ ਦਰਜ ਕੀਤੀ ਹੈ। ਪੰਜਾਬ ਦਾ ਕੇਂਦਰੀ ਇਤਿਹਾਸਕ ਧੁਰਾ ਗੁਰੂ-ਕਾਲ ਹੈ। ਇਸ ਤੋਂ ਪੰਜਾਬ ਦੀ ਆਬੋ-ਹਵਾ ਵਿਚ ਸਿੱਖ ਸਭਿਆਚਾਰ ਦੀ ਮਹਿਕ ਘੁਲਦੀ ਹੈ। ਪੰਜਾਬ ਦੇ ਬਹਾਦਰ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਆਪਣੇ ਰਾਜ ਦੇ ਸੰਕਲਪ ਦੁਆਲੇ ਕੇਂਦਰਤ ਕੀਤਾ। ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਵਿਚ ਜਿੱਤ ਦੇ ਨਵੇਂ ਦਿਸਹੱਦੇ ਸਥਾਪਿਤ ਕੀਤੇ। ਮਹਾਨ ਕੋਸ਼ ਵਿਚ ਦਰਜ ਪੰਜਾਬ ਦੇ ਨਾਮ ਤੋਂ ਲੈ ਕੇ ਗੁਰੂ-ਕਾਲ, ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ, ਪੰਜਾਬ ਦੀਆਂ ਰਿਆਸਤਾਂ, ਲਹਿਰਾਂ, ਲੋਕਾਂ ਦੇ ਜੀਵਨ ਦਾ ਅਧਿਐਨ ਕਰਨ ਦੀ ਕੋਸ਼ਿਸ਼ ਇਸ ਅਧਿਆਇ ਵਿਚ ਕੀਤੀ ਹੈ।

ਛੇਵਾਂ ਅਧਿਆਇ ‘ਸਿੱਖ ਵਿਰਾਸਤ ਅਤੇ ਇਤਿਹਾਸਕ ਸੰਭਾਲ ਲਈ ਭਾਈ ਸਾਹਿਬ ਦੇ ਯਤਨ’ ਹੈ। ਇਸ ਅਧਿਆਇ ਵਿਚ ਭਾਈ ਸਾਹਿਬ ਨੂੰ ਦਰਪੇਸ਼ ਕਈ ਮੁੱਦਿਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਬੜੀ ਸੰਜੀਦਗੀ ਨਾਲ ਨਜਿੱਠਿਆ ਅਤੇ ਉਹ ਭਾਈ ਸਾਹਿਬ ਦੀ ਇਤਿਹਾਸਕ ਦੇਣ ਬਣ ਗਏ, ਬਾਰੇ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਅਧਿਆਇ ਵਿਚ ਕਈ ਹੋਰ ਵਿਸ਼ੇ ਵੀ ਆ ਗਏ ਹਨ। ਇਨ੍ਹਾਂ ਵਿਚ ਭਾਈ ਸਾਹਿਬ ਦੁਆਰਾ ਸਿੱਖ ਇਤਿਹਾਸਕ ਸਥਾਨਾਂ ਦੀ ਸੰਭਾਲ ਦੇ ਯਤਨ, ਸਿੱਖ ਇਤਿਹਾਸ ਲਿਖਵਾਉਣ ਲਈ ਮੈਕਾਲਿਫ ਨੂੰ ਪ੍ਰੇਰਨਾ, ਮਹਾਨ ਕੋਸ਼ ਵਿਚ ਭਾਰਤੀ ਅਤੇ ਪੰਜਾਬੀ ਇਤਿਹਾਸਕਾਰਾਂ, ਸਰੋਤਾਂ ਆਦਿ ਦੇ ਵੇਰਵੇ ਸ਼ਾਮਿਲ ਹਨ।  ਵਿਦਵਾਨ ਲੇਖਿਕਾ ਡਾ ਪਰਮਜੀਤ ਕੌਰ ਦਾ ਇਹ ਉਪਰਾਲਾ ਸੱਜਰਾ,ਨਿਵੇਕਲਾ ਤੇ ਬਹੁਤ ਹੀ ਮਹੱਤਵਪੂਰਨ ਹੈ।ਇਸ ਪੁਸਤਕ ਵਿਚ ਪੰਜਾਬ ਅਤੇ ਭਾਰਤ ਦੇ ਸਰਬ ਸਾਂਝੇ ਇਤਹਿਾਸ ਤੇ ਸਾਹਿਤ ਸੱਭਿਆਚਾਰ ਦਾ ਚਿਹਰਾ ਮੁਹਰਾ ਉੱਘੜਵੇ ਰੂਪ ਵਿਚ ਸਾਕਾਰ ਹੋ ਉੱਠਦਾ ਹੈ।ਡਾ ਪਰਮਜੀਤ ਕੌਰ ਦੀ ਮਿਹਨਤ ਅਤੇ ਲਗਨ ਦਾ ਅਸੀਂ ਕੋਈ ਮੁੱਲ ਨਹੀਂ ਦੇ ਸਕਦੇ,ਪਰ ਧੰਨਵਾਦ ਕਰਦੇ ਹੋਏ ਅਸੀਂ ਉਨਾਂ ਨੂੰ ਉਤਸ਼ਾਹ ਦੇ ਸਕਦੇ ਹਾਂ।ਵਾਹਿਗੁਰੂ ਉਸਦੀ ਕਲਮ ਨੂੰ ਹੋਰ ਸਕਤੀ ਬਖਸ਼ੇ।

ਡਾ. ਜਗਮੇਲ ਸਿੰਘ ਭਾਠੂਆਂ
ਇੰਚਾਰਜ,ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ
ਮੋਬਾਈਲ 098713-12541