ਸੰਗੀਤ ਕਲਾ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ।
ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਸਮੇਂ (1861 ਤੋਂ 1938 ਈ.) ਦੀਆਂ ਸ਼ੋ੍ਰਮਣੀ ਸਖ਼ਸ਼ੀਅਤਾਂ ਵਿੱਚੋਂ ਇਕ ਅਜਿਹੇ ਯੁੱਗ ਦ੍ਰਿਸ਼ਟਾ ਸਨ, ਜਿਨ੍ਹਾਂ ਆਪਣੇ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਵਿਦਿਅਕ ਯੋਗਤਾ ਵਧਾਉਣ ਦੇ ਮੰਤਵ ਨੂੰ ਹਮੇਸ਼ਾ ਸਾਹਮਣੇ ਰੱਖਿਆ। ਯੁੱਗ ਪੁਰਸ਼ ਦੀ ਮੂਲ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੇ ਮੰਤਵ ਦੀ ਪੂਰਤੀ ਲਈ ਨਿਰੰਤਰ ਸਾਧਨਾ ਵਿਚ ਜੁਟਿਆ ਰਹਿੰਦਾ ਹੈ ਅਤੇ ਉਹ ਆਪਣੇ ਅਨੁਭਵ ਨੂੰ ਪਾਠਕਾਂ ਤੱਕ ਪਹੁੰਚ ਕੇ ਆਪਣੀ ਅਨੁਭੂਤੀ ਦੀ ਸਫਲ ਅਭੀਵਿਅੰਜਨਾ ਕਰਦਾ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਕਲਾ ਨੂੰ ਦਿੱਤਾ ਭਾਈ ਸਾਹਿਬ ਦਾ ਯੋਗਦਾਨ ਬਹੁ—ਪਰਤੀ (ਝਚlਵਜ l਼ਖਕਗਕਦ) ਵੀ ਹੈ ਤੇ ਬਹੁ—ਪੱਖੀ (ਝਚlਵਜਦਜਠਕਅਵਜਰਅ਼l) ਵੀ। ਇਸ ਵਿਚਾਰ ਦੀ ਪੁਸ਼ਟੀ ਸਾਨੂੰ ਭਾਈ ਸਾਹਿਬ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਸਹਿਜੇ ਹੀ ਹੋ ਜਾਂਦੀ ਹੈ। ਉਨ੍ਹਾਂ ਦੀਆਂ ਲਿਖਤਾਂ ਜਿਥੇ ਇਕ ਤਰਫ ਗੁਰਮਤਿ, ਸਿੱਖ ਇਤਿਹਾਸ ਤੇ ਅਧਿਆਤਮਵਾਦ ਨਾਲ ਸੰਬੰਧਿਤ ਡੂੰਘੀ ਖੋਜ ਦਾ ਬਹੁਮੁੱਲਾ ਖਜਾਨਾ ਹਨ, ਉਥੇ ਦੂਸਰੀ ਤਰਫ ਇਨ੍ਹਾਂ ਲਿਖਤਾਂ ਵਿੱਚੋਂ ਕਲਾ ਤੇ ਸੰਗੀਤ ਦੇ ਪੱਖ ਵੀ ਉਜਾਗਰ ਹੁੰਦੇ ਸਾਫ ਨਜ਼ਰ ਆਉਂਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ ਨੇ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ ਪਰ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ (ਥਅਫਖਫlਰਬ਼ਕਦਜ਼ ਰf ਛਜਾੀ :ਜਵਕਗ਼ਵਚਗਕ) ਆਪਦੇ ਜੀਵਨ ਭਰ ਦੀ ਤਪੱਸਿਆ ਦਾ ਫਲ ਅਤੇ ਗਿਆਨ ਦੇ ਖੇਤਰ ਵਿਚ ਇਕ ਮੀਲ—ਪੱਥਰ ਹੈ, ਜਿਸ ਵਿਚ ਅਨੇਕਾਂ ਹੋਰ ਵਿਸ਼ਿਆਂ ਤੋਂ ਇਲਾਵਾ ਭਾਰਤੀ ਸੰਗੀਤ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਉਪਲਬਧ ਹੈ। ਵਿਸ਼ਵਕੋਸ਼ (ਕਅਫਖਫlਰਬ਼ਕਦਜ਼) ਦੀ ਪਰਿਭਾਸ਼ਾ ਦਾ ਘੇਰਾ ਉਲੀਕਦਿਆਂ ਯੂਨਾਨੀ ਵਿਦਵਾਨਾਂ ਤੇ ਚਿੰਤਕਾਂ ਨੇ ਇਸਨੂੰ ਵਿਦਿਆਂ ਦੀ ਸੰਪੂਰਨ ਪ੍ਰਣਾਲੀ ਮੰਨਿਆ ਹੈ। ‘ਇਨਸਾਈਕਲੋਪੀਡੀਆ ਬ੍ਰਿਟਾਨਿਕਾ* ਤੋਂ ਪ੍ਰੇਰਿਤ ਹੋ ਕੇ ਭਾਈ ਕਾਨ੍ਹ ਸਿੰਘ ਨੇ 14—15 ਸਾਲ ਦੀ ਕਠਿਨ ਤਪੱਸਿਆ ਅਤੇ ਅਣਥੱਕ ਮਿਹਨਤ ਨਾਲ ‘ਗੁਰੁਸ਼ਬਦ ਰਤਨਾਕਰ ਮਹਾਨਕੋਸ਼* ਦੀ ਰਚਨਾ ਕੀਤੀ, ਜੋ ਪੰਜਾਬੀ ਕੋਸ਼ਕਾਰੀ ਵਿਚ ਵਿਸ਼ਵ—ਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਹੈ। ਇਸਨੂੰ 1912 ਚ ਲਿਖਣਾ ਅਰੰਭ ਕੀਤਾ, 1926 ਈ. ਚ ਮੁਕੰਮਲ ਹੋਇਆ ਅਤੇ ਸੰਨ 1930 ਚ ਦਰਬਾਰ ਪਟਿਆਲਾ ਨੇ ਇਸਨੂੰ ਛਾਪੇ ਦਾ ਜਾਮਾ ਪਹਿਨਾਇਆ।
ਮਹਾਨਕੋਸ਼ ਦੇ ਹਜ਼ਾਰਾਂ ਸ਼ਬਦਾਂ ਨੂੰ ਜੇਕਰ ਮੋਟੇ ਤੌਰ ਤੇ ਸ਼੍ਰੇਣੀਆਂ ਵਿਚ ਵੰਡਕੇ ਵੇਖਿਆ ਜਾਵੇ ਤਾਂ ਪੁਰਾਤਨ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਨਾਲ ਸੰਬੰਧਿਤ ਸ਼ਬਦਾਵਲੀ ਸਹਿਜੇ ਹੀ ਉਭਰਵੇ ਰੂਪ ਵਿਚ ਸਾਹਮਣੇ ਆਉਂਦੀ ਹੈ। ਆਪਣੇ ਮੂਲ ਰੂਪ ਵਿਚ ਬੇਸ਼ੱਕ ਇਹ ਸਿੱਖ ਸਾਹਿਤ ਅਤੇ ਇਤਿਹਾਸ ਉਪਰ ਕੇਂਦਰਿਤ ਹੈ ਪਰ ਵਿਸ਼ਵਕੋਸ਼ੀ ਰਚਨਾ ਹੋਣ ਕਾਰਣ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਨੂੰ ਸਮਝਣ ਲਈ ਵੀ ਇਹ ਬਹੁਤ ਮੱਦਦਗਾਰ ਸਾਬਿਤ ਹੋਇਆ ਹੈ। ਭਾਈ ਸਾਹਿਬ ਦਾ ਵੱਖਰੀ ਪ੍ਰਕਾਰ ਦਾ ਮਹਾਨਕੋਸ਼ ‘ਗੁਰੁਮਤ ਮਾਰਤੰਡੁ* (1938 ਈ.) ਜੋ ਭਾਈ ਸਾਹਿਬ ਦੀਆਂ ਪਿਛਲੀਆਂ ਤਿੰਨ ਕਿਤਾਬਾਂ ‘ਗੁਰੁਮਤ ਪ੍ਰਭਾਕਰ*, ‘ਗੁਰੁਮਤ ਸੁਧਾਕਰ* ਤੇ ‘ਗੁਰੁ ਗਿਰਾ ਕਸੌਟੀ* ਨੂੰ ਮਿਲਾਕੇ ਬਣਿਆ ਗ੍ਰੰਥ ਹੈ, ਵੀ ਸੰਗੀਤ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕਰਦਾ ਹੈ ਹਾਲਾਕਿ ਵਿਸ਼ੇ ਪੱਖੋਂ ਇਸਦਾ ਗੂੜਾ ਸੰਬੰਧ ਧਾਰਮਿਕ ਸਾਹਿਤ ਨਾਲ ਹੈ। ਉਪਰੋਕਤ ਗ੍ਰੰਥਾਂ ਵਿਚ ਸੰਗੀਤਕ ਸ਼ਬਦਾਵਲੀ ਸ਼ਰੁਤੀ, ਸ੍ਵਰ, ਗ੍ਰਾਮ, ਮੂਰਛਨਾ, ਠਾਟ, ਰਾਗ ਆਦਿ ਨੂੰ ਵੇਖਕੇ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸੰਗੀਤ ਸੰਬੰਧੀ ਭਾਈ ਸਾਹਿਬ ਦੀ ਖੋਜ ਵਿਗਿਆਨਕ ਹੈ ਜੋ ਸੰਗੀਤ ਦੇ ਕਿਰਿਆਤਮਕ ਅਤੇ ਸ਼ਾਸਤ੍ਰ ਪੱਖਾਂ ਨੂੰ ਉਜਾਗਰ ਕਰਦੀ ਹੈ। ਸੰਗੀਤ ਪ੍ਰਤੀ ਭਾਈ ਸਾਹਿਬ ਦੀ ਸੋਚ ਬੇਸ਼ੱਕ ਆਧੁਨਿਕ ਹੈ ਪਰੰਤੂ ਪਰੰਪਰਾ ਨੂੰ ਵੀ ਕਿਤੇ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ।
ਮਾਨਵੀ ਜੀਵਨ ਵਿਚ ਕਲਾ ਉਸੇ ਤਰ੍ਹਾਂ ਅਹਿਮ ਰਹੀ ਹੈ, ਜਿਵੇਂ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਰੋਟੀ ਕਪੜਾ ਅਤੇ ਮਕਾਨ। ਮਨੁੱਖੀ ਜੀਵਨ ਨੂੰ ਸੁਚੱਜੇ ਰੂਪ ਨਾਲ ਵਿਵਸਥਿਤ ਕਰਨ ਅਤੇ ਸਮਾਜ ਵਿਚ ਵਿਚਰਦੇ ਭਿੰਨ—ਭਿੰਨ ਸੰਬੰਧਾਂ ਦੀ ਸਥਾਪਨਾ ਕਰਨ ਵਿਚ ਕਲਾ ਦਾ ਯੋਗਦਾਨ ਵਡਮੁੱਲਾ ਹੈ। ਇਕ ਚੇਤੰਨ ਤੇ ਜਗਿਆਸੂ ਜੀਵ ਹੋਣ ਕਰਕੇ ਮਨੁੱਖ ਸੁਭਾਵਿਕ ਤੌਰ ਤੇ ਸ਼੍ਰਿਸਟੀ ਦੇ ਯਥਾਰਥ ਦੇ ਸ਼ੂਖਮ ਤੇ ਸਥੂਲ ਰੂਪ ਦੀ ਜਾਣਕਾਰੀ ਹਾਸਲ ਕਰਨ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਇਸ ਨੇੜਤਾ ਕਾਰਣ ਮਨ ਵਿਚ ਪੈਦਾ ਹੋਏ ਸੰਵੇਗਾਂ (ਛਕਅਤ਼ਵਜਰਅ) ਨੂੰ ਕਲਾਕਾਰ ਮੂਰਤੀ, ਚਿੱਤਰ, ਸੰਗੀਤ ਆਦਿ ਵੱਖ—ਵੱਖ ਰੂਪਾਂ ਰਾਹੀਂ ਸਮੂਰਤ ਕਰਦਾ ਹੈ।
ਕਲਾ ਦੀ ਪਰਿਭਾਸ਼ਾ, ਸਮੇਂ—ਸਮੇਂ ਅਨੁਸਾਰ ਬਦਲਦੀ ਰਹੀ ਹੈ। ਭਾਈ ਕਾਨ੍ਹ ਸਿੰਘ ਨੇ ‘ਵਿਦਿਆ* ਅਤੇ ‘ਹੁਨਰ* ਨੂੰ ਕਲਾ ਦੱਸਿਆ ਹੈ। ਆਪ ਨੇ ਪਰਾਚੀਨ ਸੰਸਕ੍ਰਿਤ ਗ੍ਰੰਥਾਂ, ਬ੍ਰਹਮ ਵੈਵਰਤ ਪੁਰਾਣ, ਕਲਾ ਵਿਲਾਸ, ਲਲਿਤ ਵਿਸਤਰ, ਮਹਾਭਾਰਤ ਅਤੇ ਨੀਤੀ ਗ੍ਰੰਥਾਂ ਦੇ ਹਵਾਲੇ ਨਾਲ ਕਲਾ ਦੇ ਵੱਖ—ਵੱਖ ਭੇਦਾਂ ਦਾ ਜ਼ਿਕਰ ਕਰਦਿਆਂ ਸਿੱਟਾਂ ਕੱਢਿਆ ਹੈ ਕਿ ਜਿਤਨੀਆਂ ਕਲਾਵਾਂ ਕੋਈ ਪੁਰਖ ਆਪਣੇ ਵਿਚ ਜ਼ਿਆਦਾ ਰੱਖਦਾ ਹੈ ਉਤਨਾ ਹੀ ਉਹ ਵੱਡਾ ਵਿਦਵਾਨ ਸਮਝਿਆ ਜਾਂਦਾ ਹੈ। ਜਿਸ ਦੇਸ਼ ਜਾਂ ਕੌਮ ਦੇ ਲੋਕ ਹੋਰਨਾਂ ਨਾਲੋਂ ਵਧੀਕ ਕਲਾਵਾਨ ਹਨ, ਉਹੀ ਪ੍ਰਤਾਪੀ ਤੇ ਸਭ ਤੇ ਹੁਕਮ ਚਲਾਉਣ ਵਾਲੇ ਹਨ।
ਲਲਿਤ ਕਲਾਵਾਂ ਵਿੱਚੋਂ ‘ਸੰਗੀਤ* ਹੀ ਇਕ ਅਜਿਹੀ ਕਲਾ ਹੈ ਜਿਸ ਨਾਲ ਭਾਈ ਸਾਹਿਬ ਦਾ ਵਿਸ਼ੇਸ਼ ਲਗਾਓ ਰਿਹਾ ਹੈ।ਸਰਬ ਵਿਆਪੀ ਕਲਾ ਸੰਗੀਤ ਬਾਰੇ ਆਪਣੇ ਵਿਚਾਰ ਪ੍ਰਗਟਾਦਿਆਂ ਭਾਈ ਸਾਹਿਬ ਨੇ ਪਰਾਚੀਨ ਵਿਦਵਾਨਾਂ ਵਾਂਗ ਨ੍ਰਿਤ, ਗਾਇਨ ਅਤੇ ਵਾਦਨ ਇੰਨਾ ਤਿੰਨਾ ਕਲਾਵਾਂ ਦੇ ਸਮੂਹ ਨੂੰ ਸੰਗੀਤ ਦੱਸਿਆ ਹੈ। ਫਿਰ ਸੰਗੀਤ ਕਲਾ ਦੇ ਮੂਲ ਆਧਾਰ ‘ਨਾਦ* ਦੇ ਅਰਥਾਂ ਨੂੰ ਸਪੱਸ਼ਟ ਕਰਦਿਆਂ ਲਿਖਿਆ ਹੈ ਕਿ ਨ(ਪ੍ਰਾਣ) ਦ(ਅਗਨਿ)। ਸਰੀਰ ਦੀ ਅਗਨੀ ਦੇ ਸੰਯੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ ਹੈ, ਜਿਸਦੇ ਤਿੰਨ ਅਸਥਾਨ ਹਨ। ਹਿਰਦਯ ਵਿਚ ਇਸਥਿਤ ਨਾਦ ਦੀ ‘ਮੰਦ੍ਰ* ਸੰਗਯਾ, ਕੰਠ ਵਿਚ ਨਾਦ ਦੀ ‘ਮਧਯਮ* ਅਤੇ ਮਸਤਕ ਵਿਚ ਇਸਥਿਤ ਨਾਦ ‘ਤਾਰ* ਹੈ। ਸਮਾਧੀ ਦੀ ਦਸਾ ਵਿਚ ਅਨੁਭਵ ਹੋਣ ਵਾਲੇ ਆਤਮ ਮੰਡਲ ਦੇ ਸੰਗੀਤ ਨੂੰ ‘ਅਨਹਦ ਨਾਦ* ਕਿਹਾ ਜਾਂਦਾ ਹੈ।
ਸੰਗੀਤ ਦੇ ਵਿਦਵਾਨਾਂ ਅਨੁਸਾਰ ‘ਨਾਦ* ਤੋਂ ਸ਼ਰੁਤੀ, ਸੁਰ, ਸਪਤਕ, ਥਾਟ ਅਤੇ ਫਿਰ ਥਾਟਾਂ ਤੋਂ ਰਾਗਾਂ ਦੀ ਉਤਪਤੀ ਹੁੰਦੀ ਹੈ। ਸੰਗੀਤ ਨਾਲ ਸੰਬੰਧਿਤ ਇਨਾਂ ਸਾਰੇ ਤਕਨੀਕੀ ਪੱਖਾਂ ਬਾਰੇ ਭਾਈ ਸਾਹਿਬ ਨੇ ਅਜਿਹੀ ਵਿਗਿਆਨਕ ਜਾਣਕਾਰੀ ਪੇਸ਼ ਕੀਤੀ ਹੈ ਜੋ ਕਿ ਅਕਾਦਮਿਕ ਪੱਖੋਂ ਸੰਗੀਤ ਦੀ ਖੋਜ ਲਈ ਅੱਜ ਵੀ ਪ੍ਰਮਾਣਿਕ ਹੈ।
ਭਾਈ ਕਾਨ੍ਹ ਸਿੰਘ ਨਾਭਾ ਦੇ ਪ੍ਰਕਾਸ਼ਿਤ ਕਾਰਜ ਵਿਚ ਭਾਰਤੀ ਸੰਗੀਤ* ਦੇ ਵਿਭਿੰਨ ਉਨ੍ਹਾਂ ਪੱਖਾਂ ਦਾ ਵਿਸ਼ਲੇਸ਼ਣ ਹੈ ਜੋ ਭਾਰਤੀ ਸੰਗੀਤ ਦੇ ਕਿਰਿਆਤਮਕ ਤੇ ਸ਼ਾਸਤ੍ਰ ਪੱਖ ਨੂੰ ਉਜਾਗਰ ਕਰਕੇ ਕਲਾ ਜਾਗਿਆਸੂਆਂ ਨੂੰ ਦਿਸ਼ਾ ਪ੍ਰਦਾਨ ਕਰਨ ਵਾਲਾ ਹੈ। ਹੋਰਨਾਂ ਕਲਾਵਾਂ ਵਾਂਗ ਸੰਗੀਤ ਦੀ ਵੀ ਆਪਣੀ ਇਕ ਲੰਮੀ ਪਰੰਪਰਾ ਰਹੀ ਹੈ। ਭਾਈ ਸਾਹਿਬ ਦੀਆਂ ਲਿਖਤਾਂ ਵਿੱਚ ਭਾਰਤੀ ਸੰਗੀਤ ਦੀ ਪਰਿਭਾਸ਼ਿਕ ਸ਼ਬਦਾਵਲੀ ਦਾ ਇੱਕ ਵੱਡਾ ਭੰਡਾਰ ਹੈ। ਪੁਰਾਤਨ ਗਾਇਨ ਸ਼ੈਲੀਆਂ ਧਰੁਪਦ, ਧਮਾਰ ਚਤੁਰੰਗ ਆਦਿ ਬਾਰੇ ਉਦਾਹਰਣਾਂ ਸਮੇਤ ਪੇਸ਼ ਕੀਤੀ ਜਾਣਕਾਰੀ ਦਾ ਇਤਿਹਾਸਕ ਮਹੱਤਵ ਹੈ। ਭਾਈ ਸਾਹਿਬ ਰਚਿਤ ਧਾਰਮਿਕ ਸਾਹਿਤ ਵਿਚ ਗੁਰੁਮਤ ਪ੍ਰਭਾਕਰ, ਗੁਰੁਮਤ ਸੁਧਾਕਰ, ਗੁਰੁ—ਗਿਰਾ ਕਸੌਟੀ, ਸੱਦ ਕਾ ਪਰਮਾਰਥ ਤੇ ਗੁਰੁਮਤ ਮਾਰਤੰਡੁ ਆਦਿ ਉਨ੍ਹਾਂ ਦੀਆਂ ਅਜਿਹੀਆਂ ਪੁਸਤਕਾਂ ਹਨ, ਜਿਨ੍ਹਾਂ ਵਿੱਚ ਗੁਰਬਾਣੀ ਦੀ ਵਿਆਖਿਆ ਤੇ ਰਹਿਤ ਮਰਿਯਾਦਾ ਤੋਂ ਇਲਾਵਾ ਇਨ੍ਹਾਂ ਗੁਰਬਾਣੀ ਸੰਗੀਤ ਬਾਰੇ ਵੀ ਅਜਿਹੀ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ ਜੋ ਗੁਰਮਤਿ ਸੰਗੀਤ ਦਾ ਮੂਲ ਆਧਾਰ ਹੈ ਅਤੇ ਵਰਤਮਾਨ ਵਿਚ ਵੀ ਸਾਰਥਿਕ ਤੇ ਪ੍ਰਸੰਗਿਕ ਹੈ। ਸਮੁੱਚੀਆਂ ਲਿਖਤਾਂ ਦੇ ਸਰਵੇਖਣ ਤੇ ਵਿਸ਼ਲੇਸ਼ਣ ਉਪਰੰਤ ਇਹ ਸਿੱਟੇ ਸਾਹਮਣੇ ਆਉਂਦੇ ਹਨ ਕਿ ਗੁਰਮਤਿ ਸੰਗੀਤ ਦੀ ਵਿਸ਼ਾਲ ਤੇ ਮਹਾਨ ਪਰੰਪਰਾ ਦੀ ਸਾਂਭ ਸੰਭਾਲ ਤੇ ਇਸਨੂੰ ਉਜਾਗਰ ਕਰਨ ਲਈ ਉਹ ਭਲੀ—ਭਾਂਤ ਸੁਚੇਤ ਸਨ। ਉਨ੍ਹਾਂ ਮਹਿਸੂਸ ਕਰ ਲਿਆ ਸੀ ਕਿ ਆਧੁਨਿਕ ਕੀਰਤਨੀਏ ਪੁਰਾਤਨ ਗਾਇਨ ਸ਼ੈਲੀਆਂ ਨੂੰ ਭੁਲਦੇ ਜਾ ਰਹੇ ਹਨ। ਇਸ ਮਹਾਨ ਪਰੰਪਰਾ ਦੀ ਸੰਭਾਲ ਲਈ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਵਾਨ ਸਿਰਲੇਖਾਂ ਦੀ ਵਿਸਤ੍ਰਿਤ ਵਿਆਖਿਆ ਕੀਤੀ, ਨਾਲ ਹੀ ਗੁਰ ਮਰਿਯਾਦਾ ਅਨੁਸਾਰ ਕੀਰਤਨ ਸੰਬੰਧੀ ਆਪਣੇ ਵਡਮੁੱਲੇ ਸੁਝਾਅ ਪੇਸ਼ ਕੀਤੇ।
ਭਾਈ ਕਾਨ੍ਹ ਸਿੰਘ ਨਾਭਾ ਦੇ ਪ੍ਰਕਾਸ਼ਿਤ ਕਾਰਜ ਵਿਚ ਰਾਗਾਂ ਬਾਰੇ ਸਿਧਾਂਤਕ ਜਾਣਕਾਰੀ ਹੈ। ਭਾਰਤੀ ਸ਼ਾਸਤਰੀ ਸੰਗੀਤ ਵਿੱਚ ਰਾਗ ਨੂੰ ਅਹਿਮ ਸਥਾਨ ਹਾਸਿਲ ਹੈ। Wਹਾਨ ਕੋਸ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੁਕਤ 31 ਰਾਗਾਂ ਦੇ ਵਰਣਨ ਤੋਂ ਇਲਾਵਾ ਭਾਰਤੀ ਸੰਗੀਤ ਨਾਲ ਸੰੰਬਧਿਤ ਹੋਰ ਵੀ ਬਹੁਤ ਸਾਰੇ ਰਾਗਾਂ ਦਾ ਵਰਣਨ ਕੀਤਾ ਮਿਲਦਾ ਹੈ, ਜਿਸਨੂੰ ਮੋਟੇ ਤੌਰ *ਤੇ ਤਿੰਨ ਵਰਗਾਂ ਵਿਚ ਵੰਡਕੇ ਵੇਖਿਆ ਜਾ ਸਕਦਾ ਹੈ, ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੁਕਤ ਮੁੱਖ ਰਾਗ ਅਤੇ ਉਪਰਾਗ। ਦਸਮ ਗ੍ਰੰਥ ਅਤੇ ਸਰਬ ਲੋਹ ਗ੍ਰੰਥ ਵਿਚ ਪ੍ਰਯੁਕਤ ਰਾਗ ਅਤੇ ਭਾਰਤੀ ਸੰਗੀਤ ਦੇ ਰਾਗ। ਮਹਾਨਕੋਸ਼ ਵਿਚ ਮਾਲਕੌਂਸ਼, ਬਿਹਾਗ ਆਦਿ ਰਾਗ ਵੀ ਸ਼ਾਮਿਲ ਹਨ, ਜਿਨਾਂ ਦੀ ਵਰਤੋਂ ਆਦਿ ਗ੍ਰੰਥ ਵਿਚ ਨਹੀਂ ਹੋਈ ਪਰ ਦਸ਼ਮ ਗ੍ਰੰਥ ਸਰਬ ਲੋਹ ਆਦਿ ਸਿੱਖ ਧਰਮ ਦੇ ਗ੍ਰੰਥਾਂ ਵਿਚ ਇਨਾਂ ਦਾ ਜ਼ਿਕਰ ਹੈ। ਇਸੇ ਤਰ੍ਹਾਂ ਪੀਲੋ, ਸ਼ੰਕਰਾ, ਦੁਰਗਾ ਆਦਿ ਅਜਿਹੇ ਰਾਗ ਵੀ ਹਨ ਜਿਨ੍ਹਾਂ ਦਾ ਸੰਬੰਧ ਭਾਰਤੀ ਸੰਗੀਤ ਨਾਲ ਹੈ ਪਰ ਸਿੱਖ ਧਰਮ ਦੇ ਗ੍ਰੰਥਾਂ ਵਿਚ ਇਨ੍ਹਾਂ ਦਾ ਜ਼ਿਕਰ ਨਹੀਂ। ਗੁਰੁਸ਼ਬਦ ਰਤਨਾਕਰ ਮਹਾਨਕੋਸ਼, ਪੰਜਾਬੀ ਭਾਸ਼ਾ ਵਿਚ ਰਾਗਾਂ ਬਾਰੇ ਪਹਿਲਾ ਅਜਿਹਾ ਯਤਨ ਹੈ, ਜਿਸ ਵਿਚ ਭਾਈ ਸਾਹਿਬ ਨੇ ਰਾਗਾਂ ਦੀ ਵੰਸ਼ ਪਰੰਪਰਾ ਦੀ ਥਾਂ ਉਨ੍ਹਾਂ ਦੇ ਨਾਦਾਤਮਕ ਸਰੂਪਾਂ ਨੂੰ ਸਪੱਸ਼ਟ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਅਤੇ ਸੌਖੀ ਬੋਲੀ ਤੇ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕੀਤੀ। ਨਾਲ ਹੀ ਭਾਰਤੀ ਸੰਗੀਤ ਨੂੰ ਆਧਾਰ ਬਣਾਕੇ ਰਾਗਾਂ ਦੇ ਥਾਟਾਂ ਬਾਰੇ ਵਿਦਵਾਨਾਂ ਦੇ ਮੱਤਭੇਦ ਵੀ ਸਪੱਸ਼ਟ ਕੀਤੇ ਹਨ। ਅਜਿਹੇ ਸਪੱਸ਼ਟੀਕਰਣ ਲਈ ਭਾਈ ਸਾਹਿਬ ਨੇ ਪਰਾਚੀਨ ਗ੍ਰੰਥਾਂ ਸੰਗੀਤ ਦਰਪਣ, ਸੰਗੀਤ ਸਾਰ, ਅਤੇ ਸੰਗੀਤ ਪਾਰੀਜਾਤ ਆਦਿ ਨੂੰ ਵੀ ਆਪਣੀ ਖੋਜ ਦਾ ਆਧਾਰ ਬਣਾਇਆ ਹੈ। ਸੰਗੀਤ ਦੇ ਖੇਤਰ ਵਿਚ ਇਸ ਦੇਣ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।
ਭਾਰਤੀ ਸੰਗੀਤ ਵਿਚ ਆਦਿ ਕਾਲ ਤੋਂ ਹੀ ਸਾਜ਼ਾਂ ਦਾ ਮਹੱਤਵਪੂਰਣ ਸਥਾਨ ਰਿਹਾ ਹੈ।ਭਾਈ ਸਾਹਿਬ ਨੇ ਵੈਦਿਕ ਯੁੱਗ ਤੋਂ ਲੈਕੇ ਆਧੁਨਿਕ ਯੁੱਗ ਦੇ ਸਾਜ਼ ਹਰਮੋਨੀਅਮ ਤੱਕ ਦਾ ਜ਼ਿਕਰ ਕਰਦਿਆਂ ਤਤ, ਵ੍ਰਿਤ, ਘਨ, ਸੁਸ਼ਿਰ ਆਦਿ ਵਰਗ ਦੇ ਸਾਜਾਂ ਦੀ ਬਣਤਰ ਅਤੇ ਸਾਜਾਂ ਦੇ ਇਤਿਹਾਸਕ, ਮਿਥਿਹਾਸਕ ਪੱਖਾਂ ਨੂੰ ਉਜਾਗਰ ਕਰਦਿਆਂ ਸੰਗੀਤ ਦੇ ਮੂਲ ਸਿਧਾਂਤਾਂ ਅਨੁਸਾਰ ਉਨ੍ਹਾਂ ਸਾਜਾਂ ਨੂੰ ਉੱਤਮ ਮੰਨਿਆ ਹੈ ਜੋ ਗਾਉਣ ਵੇਲੇ ਸੁਰ ਦੀ ਸਹਾਇਤਾ ਕਰੇ ਜਾਂ ਰਾਗ ਦਾ ਸ਼ੁੱਧ ਆਲਾਪ ਕਰ ਸਕੇ। ਗੁਰਮਤਿ ਸੰਗੀਤ ਵਿਚ ਰਵਾਇਤੀ ਸਾਜ਼ਾਂ ਦੇ ਮਹੱਤਵ ਬਾਰੇ ਜਾਣੂ ਕਰਾਉਣ ਲਈ ਜਿਥੇ ਕੁਝ ਸਾਜ਼ਾਂ ਸਿਤਾਰ, ਦੁਤਾਰਾ, ਤਾਊਸ, ਤਾਨਪੁਰਾ, ਸਾਰੰਦਾ, ਰਬਾਬ, ਜੋੜੀ ਆਦਿ ਦੀ ਮਹਾਨਕੋਸ਼ ਵਿਚ ਤਸਵੀਰਾਂ ਸਮੇਤ ਜਾਣਕਾਰੀ ਦਿੱਤੀ ਹੈ, ਉੱਥੇ ਸਿੱਖ ਧਰਮ ਦੇ ਗ੍ਰੰਥਾਂ ਵਿਚੋਂ ਕਾਵਿ ਤੁਕਾਂ ਦੇ ਕੇ ਵੀ ਪਰੰਪਰਿਕ ਸਾਜ਼ਾਂ ਦਾ ਮਹੱਤਵ ਉਜਾਗਰ ਕੀਤਾ ਹੈ। ਮ੍ਰਿਦੰਗ, ਰਬਾਬ ਆਦਿ ਸਾਜ਼ਾਂ ਨਾਲ ਸੰਬੰਧਿਤ ਕੁਝ ਅਜਿਹੇ ਸੰਕੇਤ ਵੀ ਮਿਲਦੇ ਹਨ ਜਿਸਦਾ ਗੁਰ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ। ਜਿਵੇਂ ਕਿ ਮਹਾਨ ਕੋਸ਼ ਵਿਚ ਉਲੇਖ ਹੈ ਕਿ ਉੱਤਰ ਪ੍ਰਦੇਸ਼ ਦੇ ਬਨਾਰਸ ਡਵੀਜ਼ਨ ਵਿਚ ਜਿਸ ਥਾਂ ਗੁਰੂ ਤੇਗ ਬਹਾਦਰ ਜੀ ਨੇ ਡੇਰਾ ਕੀਤਾ, ਅਤੇ ਉਸ ਘਰ ਦੇ ਵਸਨੀਕ ਗੁਰਬਖਸ਼ ਸਿੰਘ ਨੂੰ ਕੀਰਤਨ ਲਈ ਮ੍ਰਿਦੰਗ ਬਖਸ਼ੀ, ਉਹ ਹੁਣ ਉਸੇ ਥਾਂ ਸਨਮਾਨ ਨਾਲ ਰੱਖੀ ਪਈ ਹੈ ਅਤੇ ਉੱਥੇ ਬਣੇ ਗੁਰਦੁਆਰੇ ਦਾ ਨਾਮ ‘ਸੰਗੀਤ ਮ੍ਰਿਦੰਗਵਾਲੀ’ ਹੈ। ਸਾਜਾਂ ਦੀ ਬਣਤਰ ਅਤੇ ਭੇਦਾਂ ਬਾਰੇ ਜਾਣਕਾਰੀ ਵਿਚਾਰਨਯੋਗ ਹੈ ਜਿਵੇਂ ਕਿ ‘ਵੀਣਾ’ ਦੀ ਬਣਤਰ ਦੱਸਣ ਉਪਰੰਤ ਇਸਦੇ ਛੀ ਭੇਦ ਨਕੁਲੀ, ਤ੍ਰਿੰਤੰਤ੍ਰਿ, ਰਾਜਧਾਨੀ, ਵਿਪੰਚੀ, ਸਾਰਵਰੀ, ਪਰਵਾਦਿਨੀ ਆਦਿ ਦੱਸਕੇ ਵੀਣਾ ਦੀਆਂ ਅਨੇਕ ਸ਼ਕਲਾਂ ਦਾ ਵਰਣਨ ਕੀਤਾ ਹੈ।
ਸਾਜ਼ਾਂ ਬਾਰੇ ਆਪਣੇ ਆਲੋਚਤਨਾਤਮਕ ਵਿਚਾਰ ਪੇਸ਼ ਕਰਦਿਆਂ ਭਾਈ ਸਾਹਿਬ ਦੱਸਦੇ ਹਨ ਕਿ ਜਿਸ ਸਾਜ਼ ਵਿਚ ਸ੍ਵਰ ਦੀ ਸ਼ਰੁਤੀ ਨਹੀਂ ਉਪਜਦੀ, ਜੇਹਾ ਕਿ ਹਾਰਮੋਨੀਅਮ ਹੈ, ਉਹ ਰਾਗ ਦਾ ਸਰੂਪ ਪ੍ਰਗਟ ਨਹੀਂ ਕਰ ਸਕਦਾ। ਸ਼ਰੁਤੀ ਪੈਦਾ ਕਰਨ ਵਾਲੇ ਸਾਜ਼ ਤਾਰ ਜਾਂ ਫੂਕ ਦੇ ਹੀ ਹੋ ਸਕਦੇ ਹਨ। ਸਾਜ਼ਾਂ ਦੀ ਸ਼ਰੁਤੀ ਪੱਧਰ ਦੀ ਵਰਤੋਂ ਦੀ ਗੱਲ ਕਰਕੇ ਭਾਈ ਸਾਹਿਬ ਸੰਗੀਤ ਬਾਰੇ ਆਪਣੀ ਸ਼ੂਖਮ ਸੂਝ ਦਾ ਪ੍ਰਗਟਾਵਾਂ ਕਰਦੇ ਹਨ।
ਆਪਣੇ ਮਨ ਵਿਚਲੇ ਸ਼ੂਖਸਮ ਭਾਵਾਂ ਦੇ ਪ੍ਰਗਟਾਵੇ ਲਈ ਮਨੁੱਖ ਨੇ ਸਾਹਿਤ ਅਤੇ ਸੰਗੀਤ ਨੂੰ ਸਰਬੋਤਮ ਮੰਨਿਆ ਹੈ। ਸੰਗੀਤ ਦਾ ਮੂਲ ਆਧਾਰ ‘ਨਾਦ’ ਅਤੇ ਸਾਹਿਤ ਦਾ ਮੂਲ ‘ਸ਼ਬਦ’ ਹੈ। ਇਨਾਂ ਦੋਵੇਂ ਕਲਾਵਾਂ ਦੀ ਗਹਿਰੀ ਸਾਂਝ ਮਾਨਵੀ ਪਰਵਿਰਤੀਆਂ ਨਾਲ ਹੈ ਅਤੇ ਮਾਨਵੀ ਪਰਵਿਰਤੀਆਂ ਦਾ ਅਧਿਐਨ ਹੀ ਮਲੋਵਿਗਿਆਨ ਦਾ ਵਿਸ਼ਾ ਹੈ। ਸਾਹਿਤ ਦੇ ਦੋ ਵਿਸ਼ੇਸ਼ ਰੂਪ ਗਦਯ ਅਤੇ ਪਦਯ ਵਿਚੋਂ, ਪਦਯ ਦਾ ਸੰਬੰਧ ਕਵਿਤਾ ਅਤੇ ਗੀਤ ਨਾਲ ਹੈ, ਜਿਸਨੂੰ ਵਿਦਵਾਨਾਂ ਨੇ ਮਨੁੱਖੀ ਭਾਵਨਾਵਾਂ ਦਾ ਸੰਗੀਤਕ ਅਤੇ ਲੈਅਬੱਧ ਪ੍ਰਗਟਾਅ ਦੱਸਿਆ ਹੈ। ਰਿਗਵੇਦ ਦਾ ਉਦਾਤ, ਅਨੁਦਾਤ, ਸਵਰਿਤ ਆਦਿ ਸਵਰਾਂ ਨਾਲ ਅੰਕਿਤ ਪਾਇਆ ਜਾਣਾ ਸਾਹਿਤ ਅਤੇ ਸੰਗੀਤ ਅਰਥਾਤ ਕਾਵਿ ਅਤੇ ਸੰਗੀਤ ਦੇ ਸੰਗਮ ਦੀ ਪੁਸ਼ਟੀ ਕਰਦਾ ਹੈ। ਭਾਈ ਕਾਨ੍ਹ ਸਿੰਘ ਦੀਆਂ ਲਿਖਤਾਂ ਵਿਚ ਕਾਵਿ ਦੇ ਸੌਂਦਰਯਕਾਰੀ ਤੱਤਾਂ ਰਸ, ਛੰਦ, ਅਲੰਕਾਰ, ਅਤੇ ਭਾਸ਼ਾ ਆਦਿ ਦਾ ਵਰਣਨ ਬੜੇ ਹੀ ਵਿਗਿਆਨਕ ਢੰਗ ਨਾਲ ਕੀਤਾ ਮਿਲਦਾ ਹੈ। ਵਿਦਵਾਨਾਂ ਵੱਲੋਂ ਦੱਸੇ ਕਾਵਿ ਦੇ ਨੌ ਰਸਾਂ ਦਾ ਮਨੁੱਖੀ ਮਨ ਵਿਚਲੇ ਸਥਾਈ ਭਾਵਾਂ ਨਾਲ ਸੰਬੰਧ ਇਸ ਪ੍ਰਕਾਰ ਦਰਸਾਇਆ ਹੈ ਕਿ ਆਧੁਨਿਕ ਮਨੋਵਿਗਿਆਨਕਾਂ ਮੈਕਡੂਗਲ ਆਦਿ ਵੱਲੋਂ ਦੱਸੀਆਂ ਮਨੁੱਖੀ ਮਨ ਦੀਆਂ ਸੁਭਾਵਿਕ ਪਰਵਿਰਤੀਆਂ ਪ੍ਰੇਮ, ਖੁਸ਼ੀ, ਗਮੀ, ਕ੍ਰੋਧ, ਉਤਸ਼ਾਹ, ਡਰ ਆਦਿ ਨਾਲ ਇਨ੍ਹਾਂ ਨੂੰ ਮੇਲਕੇ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਸੰਗੀਤ ਦੇ ਸੌਂਦਰਯਕਾਰੀ ਤੱਤਾਂ ਵਿਚ ਛੰਦ ਤੇ ਅਲੰਕਾਰ ਦਾ ਵਿਸ਼ੇਸ਼ ਮਹੱਤਵ ਹੈ। ਭਾਈ ਸਾਹਿਬ ਨੇ ‘ਗੁਰੁਛੰਦ ਦਿਵਾਕਰ ਅਤੇ ਗੁਰੁਸ਼ਬਦਾਲੰਕਾਰ’ ਆਦਿ ਪੁਸਤਕਾਂ ਦੀ ਰਚਨਾਂ ਕਰਕੇ ਪਹਿਲੀ ਵਾਰੀ ਸੰਸਕ੍ਰਿਤ ਕਾਵਿ ਤੇ ਸੁਹਜ ਸ਼ਾਸਤਰ ਦੀ ਜਾਣ ਪਛਾਣ ਕਰਾਈ। ਭਾਈ ਸਾਹਿਬ ਨੇ ਮਾਧੁਰਯ, ਓਜ ਅਤੇ ਪ੍ਰਸਾਦ ਨੂੰ ਕਾਵਿ ਦੇ ਤਿੰਨ ਪ੍ਰਮੁੱਖ ਗੁਣ ਮੰਨ ਕੇ, ਅਧਿਆਤਮਿਕ ਦ੍ਰਿਸ਼ਟੀ ਤੋਂ ਮਨ ਦੀ ਵਿਆਖਿਆ ਕਰਦਿਆਂ ਮਾਯਾ ਦੇ ਤ੍ਰੈਗੁਣ ਰਜੋ—ਤਜੋ—ਸਤੋ ਦੇ ਜ਼ੁਜਵ ਅਤੇ ਸ਼ੁਭ ਗੁਣਾਂ ਵਾਲੇ ਸੌਂਦਰਯ ਨੂੰ ਹੀ ਉੱਤਮ ਅਤੇ ਕਲਿਆਣਕਾਰੀ ਦੱਸਿਆ ਹੈ।
ਕੋਈ ਵੀ ਸੰਗੀਤ ਉਪਯੋਗੀ ਨਾਦ ਸਾਡੀ ਸਰਵਣ ਇੰਦ੍ਰੀ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰਦਾ ਹੈ ਅਤੇ ਮਨ ਵਿਚ ਕਿਹੜੇ—ਕਿਹੜੇ ਭਾਵ ਉਤਪੰਨ ਹੁੰਦੇ ਹਨ, ਇਹ ਸਭ ਸੰਗੀਤ ਦੇ ਮਨੋਵਿਗਿਆਨ ਦੀ ਸ਼੍ਰੇਣੀ ਵਿਚ ਆਉਂਦਾ ਹੈ। ਭਾਈ ਸਾਹਿਬ ਅਨੁਸਾਰ ਕਿਸੇ ਵੀ ਕਲਾ ਵਿਚ ਕਮਾਲ ਰੱਖਣ ਵਾਲੇ ਆਚਾਰਯ ਜੜ ਪਦਾਰਥਾਂ ਨੂੰ ਚੇਤਨ ਸਮਾਨ ਬਣਾ ਦੇਂਦੇ ਅਤੇ ਆਪਣੇ ਮਨ ਦੇ ਭਾਵਾਂ ਨੂੰ ਵਾਜਿਆਂ (ਸਾਜ਼ਾਂ) ਵਿਚੋਂ ਅੱਖਰ ਰੂਪ ਕਰਕੇ ਪ੍ਰਗਟ ਕਰ ਦਿਖਾਉਂਦੇ ਹਨ। ਉਪਰੋਕਤ ਕਥਨ ਦੀ ਪੁਸ਼ਟੀ ਲਈ ਭਾਈ ਸਾਹਿਬ ਸ਼ਿਵ ਦੇ ‘ਡੋਰੂ’ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ‘ਰਬਾਬ’ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਰਣਜੀਤ ‘ਨਗਾਰੇ’ ਦੇ ਹਵਾਲੇ ਪੇਸ਼ ਕਰਦੇ ਹਨ। ਭਾਈ ਸਾਹਿਬ ਅਨੁਸਾਰ ਗੁਰੂ ਸਾਹਿਬਾਨਾਂ ਨੇ ‘‘ਹਰਿ ਲਿਵ ਮੰਡਲ’’ ਦਾ ਆਨੰਦ ਜਾਂ ਸੁਹਜ ਮਾਨਣ ਲਈ ‘ਨਿਰਬਾਣ ਕੀਰਤਨ’ ਨੂੰ ਉੱਤਮ ਮੰਨਿਆ ਹੈ।
ਸੰਗੀਤ ਦੇ ਵੱਖ—ਵੱਖ ਪੱਖਾਂ ਬਾਰੇ ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਪਰਖ ਪੜਚੋਲ ਕੀਤੀ ਗਈ ਤਾਂ ਇੱਕ ਗੱਲ ਉਘੜਕੇ ਸਾਹਮਣੇ ਆਈ ਕਿ ਸੰਗੀਤ ਨਾਲ ਸੰਬੰਧਿਤ ਜਿਹੜੇ ਵੀ ਪੱਖ ਬਾਰੇ ਉਨ੍ਹਾ ਚਰਚਾ ਕੀਤੀ ਉਸਦੀ ਪਰੰਪਰਾ ਨੂੰ ਕਿਤੇ ਨਜ਼ਰ ਅੰਦਾਜ ਨਹੀਂ ਕੀਤਾ। ਇਹ ਗੱਲ ਵੀ ਨਿਸ਼ਚੇ ਜਨਕ ਹੈ ਕਿ ਮਹਾਨਕੋਸ਼ ਤੋਂ ਪਹਿਲਾਂ ਪੰਜਾਬੀ ਭਾਸ਼ਾ ਵਿਚ ਭਾਰਤੀ ਅਤੇ ਗੁਰਮਤਿ ਸੰਗੀਤ ਸੰਬੰਧੀ ਅਜਿਹੀ ਵਿਗਿਆਨਕ ਜਾਣਕਾਰੀ ਨਾਮਾਤਰ ਹੀ ਸੀ। ਕਲਾ, ਸੰਗੀਤ ਤੇ ਸਭਿਆਚਾਰ ਪ੍ਰਤੀ ਉਨ੍ਹਾਂ ਦਾ ਗਿਆਨ ਹੈਰਾਨ ਕਰ ਦੇਣ ਵਾਲਾ ਹੈ। ਸੰਗੀਤ ਦੀ ਖੋਜ ਲਈ ਮਹਾਨਕੋਸ਼ ਪ੍ਰਮਾਣਿਕ ਸੂਚਨਾ ਦੇਂਦਾ ਹੈ।
ਅੰਤ ਵਿਚ ਕਹਿਣਾ ਚਾਹਾਂਗੀ ਕਿ ਕੋਈ ਵੀ ਸਿਰਜਨਾਤਮਕ ਕੰਮ ਖੋਜਕਾਰ ਲਈ ਇਕ ਅਨੋਖੇ ਅਨੁਭਵ ਵਾਲਾ ਹੁੰਦਾ ਹੈ। ਬੇਸ਼ੱਕ ਉਨ੍ਹਾਂ ਦੀ ਸੰਗੀਤਕ ਖੋਜ ਨਾਲ ਸੰਬੰਧਿਤ ਕੁਝ ਗੱਲਾਂ ਬਾਰੇ ਅਜੋਕੇ ਵਿਦਵਾਨ ਅਸਹਿਮਤ ਹੋਣ, ਫਿਰ ਵੀ ਉਨਾਂ ਦੀ ਸੰਗੀਤਕ ਦੇਣ ਦਾ ਮਹੱਤਵ ਹਮੇਸ਼ਾ ਬਣਿਆ ਰਹੇਗਾ, ਭਵਿੱਖ ਵਿਚ ਵੀ ਭਾਈ ਸਾਹਿਬ ਦੀ ਸੰਗੀਤਕ ਜਾਣਕਾਰੀ ਦੀ ਸਾਰਿਥਕਤਾ ਬਣੀ ਰਹੇਗੀ।
ਡਾ. ਰਵਿੰਦਰ ਕੌਰ ਰਵੀ
ਅਸਿਸਟੈਂਟ ਪੋ੍ਰਫੈਸਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ
ਮੌਬਾਈਲ….84378-22296